ਬਰਨਾਲਾ ,26 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਉੰਝ ਭਾਵੇਂ ਕੜਾਕੇ ਦੀ ਸਰਦੀ ਪੈ ਰਹੀ ਹੈ ਪ੍ਰੰਤੂ ਬਰਨਾਲਾ ‘ਚ ਨਗਰ ਨਿਗਮ ਦੇ ਨੋਟਿਸਾਂ ਨੇ ਗਰਮੀ ਪੈਦਾ ਕੀਤੀ ਹੋਈ ਹੈ। ਦੱਸ ਦੇਈਏ ਕਿ ਨਗਰ ਨਿਗਮ ਬਰਨਾਲਾ ਵੱਲੋਂ ਸ਼ਹਿਰ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜ਼ਿਆਂ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਹ ਨਜਾਇਜ਼ ਕਬਜ਼ੇ ਤੁਰੰਤ ਹਟਾਉਣ ਦੇ ਹੁਕਮ ਵੀ ਦਿੱਤੇ ਗਏ ਹਨ। ਨਗਰ ਨਿਗਮ ਦੇ ਦੁਕਾਨਦਾਰਾਂ ਨੂੰ ਕੱਢੇ ਗਏ ਇਹਨਾਂ ਨੋਟਿਸਾਂ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਦਾ ਮਾਹੌਲ ਗਰਮ ਹੈ ਜਿੱਥੇ ਇੱਕ ਪਾਸੇ ਆਮ ਲੋਕਾਂ ਵੱਲੋਂ ਨਗਰ ਨਿਗਮ ਦੇ ਇਸ ਕਦਮ ਦਾ ਸਵਾਗਤ ਕੀਤਾ ਜਾ ਰਿਹਾ ਉੱਥੇ ਸਬੰਧਿਤ ਦੁਕਾਨਦਾਰਾਂ ਦੇ ਮੱਥੇ ‘ਤੇ ਤਿਉੜੀਆਂ ਪੈ ਗਈਆਂ ਹਨ ਭਾਵੇਂ ਕਿ ਉਹ ਜਾਣਦੇ ਹਨ ਕਿ ਉਨਾਂ ਵੱਲੋਂ ਦੁਕਾਨਾਂ ਦੇ ਬਾਹਰ ਥੇੜੀਆਂ ਬਣਾ ਕੇ ਕੀਤੇ ਕਬਜ਼ੇ ਅਤੇ ਸਮਾਨ ਬਾਹਰ ਕੱਢ ਕੇ ਆਵਾਜਾਈ ‘ਚ ਵਿਘਨ ਪਾਉਣ ਦਾ ਤਰੀਕਾ ਠੀਕ ਨਹੀਂ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਸਾਹਮਣੇ ਆ ਰਿਹਾ ਹੈ ਕਿ ਸਬੰਧਿਤ ਦੁਕਾਨਦਾਰ ਜਾਂ ਨਗਰ ਨਿਗਮ ਦੇ ਨੋਟਿਸਾਂ ਦੀ ਤਕਲੀਫ਼ ਮੰਨ ਰਹੇ ਹਨ। ਇਸ ਤਕਲੀਫ਼ ਦਾ ਇੱਕ ਪੱਖ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਨੋਟਿਸ ਕੱਢੇ ਜਾਣ ਤੋਂ ਬਾਅਦ ਕਿਸੇ ਵੀ ਦੁਕਾਨਦਾਰ ਨੇ ਪਹਿਲਕਦਮੀ ਕਰਦੇ ਹੋਏ ਇਹਨਾਂ ਨੋਟਿਸਾਂ ਦੀ ਪਾਲਣਾ ਸ਼ੁਰੂ ਨਹੀਂ ਕੀਤੀ, ਜਦ ਕਿ ਨਗਰ ਨਿਗਮ ਵੱਲੋਂ ਇਹ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਨੋਟਿਸ ਮਿਲਣ ਤੋਂ ਤੁਰੰਤ ਬਾਅਦ ਨਜਾਇਜ਼ ਕਬਜ਼ੇ ਹਟਾਏ ਜਾਣ ਅਤੇ ਨਗਰ ਨਿਗਮ ਵੱਲੋਂ ਇਹ ਚੇਤਾਵਨੀ ਵੀ ਕੀਤੀ ਗਈ ਹੈ ਕਿ ਜੇਕਰ ਨਜਾਇਜ਼ ਕਬਜ਼ੇ ਨਗਰ ਨਿਗਮ ਵੱਲੋਂ ਹਟਾਏ ਜਾਂਦੇ ਹਨ ਤਾਂ ਇਸ ਦਾ ਖਰਚਾ ਵੀ ਦੁਕਾਨਦਾਰ ਨੂੰ ਅਦਾ ਕਰਨਾ ਪਵੇਗਾ। ਦੂਜੇ ਪਾਸੇ ਸ਼ਹਿਰ ਵਿੱਚ ਇਹ ਵੀ ਚਰਚਾ ਹੈ ਕਿ ਨਗਰ ਕੌਂਸਲ ਤੋਂ ਨਗਰ ਨਿਗਮ ਬਣਨ ਕਰਕੇ ਬਰਨਾਲਾ ਸ਼ਹਿਰ ਦੇ ਵਿੱਚ ਰਾਜਨੀਤੀ ਦਾ ਨਵਾਂ ਮੁਹਾਂਦਰਾ ਸਾਹਮਣੇ ਆਵੇਗਾ ਕਿਉਂਕਿ ਸ਼ਹਿਰ ਦੇ ਵਾਰਡਾਂ ਦੀ ਗਿਣਤੀ 31 ਤੋਂ ਵੱਧ ਕੇ 50 ਦੇ ਕਰੀਬ ਹੋ ਚੁੱਕੀ ਹੈ, ਜਿਨਾਂ ਦੀ ਵਾਰਡਬੰਦੀ ਦਾ ਕੰਮ ਵੀ ਹੋ ਰਿਹਾ ਹੈ। ਸ਼ਹਿਰ ਅੰਦਰ ਨਗਰ ਨਿਗਮ ਦੀਆਂ ਇਹ ਪਹਿਲੀਆਂ ਚੋਣਾਂ ਹੋਣਗੀਆਂ ਜਿਹੜੀਆਂ ਵੱਡੇ ਪੱਧਰ ‘ਤੇ ਲੜੀਆਂ ਜਾਣਗੀਆਂ ਅਤੇ ਸੱਤਾਧਿਰ ਇਹਨਾਂ ਚੋਣਾਂ ਨੂੰ ਜਿੱਤ ਕੇ ਸ਼ਹਿਰ ਦੇ ਪਹਿਲੇ ਮੇਅਰ ਦੀ ਪਦਵੀ ‘ਤੇ ਹਰ ਹਾਲ ਦੇ ਵਿੱਚ ਕਾਬਜ਼ ਹੋਣਾ ਚਾਹੇਗੀ। ਸ਼ਹਿਰ ਦੇ ਇਹ ਵੀ ਚਰਚਾ ਹੈ ਕਿ ਨਗਰ ਨਿਗਮ ਦੇ ਇਹ ਨੋਟਿਸ ਕਿਤੇ ਮੇਅਰ ਦੀ ਤਾਜਪੋਸੀ ਦੇ ਸੁਪਨਿਆਂ ਦੀ ਭੇਂਟ ਨਾ ਚੜ ਜਾਣ ਅਤੇ ਪ੍ਰਸ਼ਾਸਨ ਦੇ ਹੋਰ ਹੁਕਮਾਂ ਵਾਂਗ ਇਹ ਹੁਕਮ ਵੀ ਠੰਡੇ ਬਸਤੇ ਵਿੱਚ ਪੈ ਸਕਦੇ ਹਨ। ਇਹਨਾਂ ਨੋਟਿਸਾਂ ਨਾਲ ਜੁੜਿਆ ਇੱਕ ਪੱਖ ਇਹ ਵੀ ਹੈ ਕਿ ਇਹ ਨੋਟਿਸ ਹੈ ਸ਼ਹਿਰ ਦੇ ਇੱਕ ਹਿੱਸੇ ਦੇ ਦੁਕਾਨਦਾਰਾਂ ਨੂੰ ਹੀ ਜਾਰੀ ਕੀਤੇ ਗਏ ਹਨ ਜਦਕਿ ਸਮੁੱਚੇ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਸਮਾਨ ਬਾਹਰ ਕੱਢਿਆ ਜਾਂਦਾ ਹੈ। ਦੂਜੇ ਪਾਸੇ ਸ਼ਹਿਰ ਦੇ ਤੰਗ ਬਾਜ਼ਾਰਾਂ ਵਿੱਚ ਰੇੜੀ ਫੜੀ ਵਾਲਿਆਂ ਨੇ ਵੀ ਆਵਾਜਾਈ ਦੇ ਵਿੱਚ ਵੱਡਾ ਵਿਘਨ ਖੜਾ ਕੀਤਾ ਹੋਇਆ ਹੈ। ਜਿਨਾਂ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਹਨਾਂ ਦੁਕਾਨਦਾਰਾਂ ਤੇ ਮੱਥੇ ‘ਤੇ ਤਿਉੜੀਆਂ ਦਾ ਇੱਕ ਕਾਰਨ ਇਹ ਵੀ ਹੈ ਕਿ ਸਿਰਫ਼ ਉਹਨਾਂ ਨੂੰ ਹੀ ਟਾਰਗਿਟ ਕਿਉਂ ਕੀਤਾ ਜਾ ਰਿਹਾ ਜਦਕਿ ਨਜਾਇਜ਼ ਕਬਜ਼ੇ ਸਾਰੇ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਹੋਏ ਹਨ। ਹੁਣ ਵੇਖਣਯੋਗ ਹੋਵੇਗਾ ਕਿ ਨਗਰ ਨਿਗਮ ਵੱਲੋਂ ਜਾਰੀ ਕੀਤੇ ਇਹਨਾਂ ਨੋਟਿਸਾਂ ਦੀ ਪਾਲਣਾ ਨੋਟਿਸ ਦੀ ਇਬਾਰਤ ਦੇ ਮੁਤਾਬਿਕ ਕੀਤੀ ਜਾਵੇਗੀ ਜਾਂ ਫਿਰ ਪਹਿਲੇ ਮੇਅਰ ਦੀ ਤਾਜਪੋਸ਼ੀ ਦੀ ਚਮਕ ਪ੍ਰਸ਼ਾਸਨ ਦੀਆਂ ਅੱਖਾਂ ਧੁੰਦਲਾ ਦੇਵੇਗੀ ਅਤੇ ਇਹ ਨਜਾਇਜ਼ ਕਬਜ਼ੇ ਪ੍ਰਸ਼ਾਸਨ ਨੂੰ ਦਿਖਣੇ ਬੰਦ ਹੋ ਜਾਣਗੇ।










