ਬਰਨਾਲਾ,26 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੀ ਸਬ ਡਵੀਜ਼ਨ ਤਪਾ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵੱਧ ਰਹੀਆਂ ਘਟਨਾਵਾਂ ਤੋਂ ਰੋਹ ਵਿੱਚ ਆਏ ਸ਼ਹਿਰ ਵਾਸੀਆਂ ਵੱਲੋਂ ਬਾਜ਼ਾਰ ਬੰਦ ਕਰਕੇ ਕੀਤੇ ਰੋਸ ਪ੍ਰਦਰਸ਼ਨ ਤੋਂ ਬਾਅਦ ਹਰਕਤ ਵਿੱਚ ਆਈ ਬਰਨਾਲਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਜ਼ਿਲ੍ਹੇ ‘ਚ ਲੁੱਟ ਖੋਹ ਕਰਨ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਐਸਪੀ ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸਿਟੀ-1 ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਸਮੇਤ ਪੁਲਿਸ ਪਾਰਟੀ ਬਰਨਾਲਾ ਦੀ ਕਪਾਹ ਮੰਡੀ ‘ਚ ਦੋ ਮੋਟਰਸਾਈਕਲਾਂ ‘ਤੇ ਸਵਾਰ ਮਾੜੇ ਅਨਸਰਾਂ ਨੂੰ ਘੇਰਿਆ। ਉਹਨਾਂ ਦੱਸਿਆ ਕਿ ਇਹਨਾਂ ਮਾੜੇ ਅਨਸਰਾਂ ਨੇ ਪੁਲਿਸ ਨੂੰ ਦੇਖਦੇ ਹੀ ਪੁਲਿਸ ਟੀਮ ‘ਤੇ ਦੋ ਫਾਇਰ ਕੀਤੇ ਜਿਨਾਂ ਵਿੱਚੋਂ ਇੱਕ ਫਾਇਰ ਸਰਕਾਰੀ ਗੱਡੀ ਵਿੱਚ ਲੱਗਿਆ, ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਆਪਣਾ ਬਚਾਅ ਕਰਦੇ ਹੋਏ ਫਾਇਰਿੰਗ ਕੀਤੀ ਜਿਨਾਂ ਵਿੱਚੋਂ ਇੱਕ ਫਾਇਰ ਮਨਪ੍ਰੀਤ ਸਿੰਘ ਉਰਫ ਮਨੀ ਦੀ ਖੱਬੀ ਲੱਤ ‘ਤੇ ਲੱਗਾ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਦੌਰਾਨੇ ਕਾਰਵਾਈ ਮਨਪ੍ਰੀਤ ਸਿੰਘ ਮਨੀ ਪੁੱਤਰ ਸਤਪਾਲ ਸਿੰਘ ਵਾਸੀ ਗਾਂਧੀ ਨਗਰ ਵਾਲੀ ਗਲੀ ਨੰਬਰ 8, ਨੇੜੇ ਰਾਮਬਾਗ, ਰਾਮਪੁਰਾ ਜ਼ਿਲ੍ਹਾ ਬਠਿੰਡਾ, ਜਸਵੀਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਰਾਏਕੋਟ ਰੋਡ ਕੈਸ਼ਲ ਪੈਲੇਸ ਦੀ ਬੈਕ ਸਾਈਡ ਬਰਨਾਲਾ, ਲਖਵਿੰਦਰ ਸਿੰਘ ਲੱਕੀ ਪੁੱਤਰ ਸਤਪਾਲ ਸਿੰਘ ਵਾਸੀ ਗਾਂਧੀ ਨਗਰ ਵਾਲੀ ਗਲੀ ਨੰਬਰ 5, ਨੇੜੇ ਬਾਬਾ ਜੀਵਨ ਸਿੰਘ ਗੁਰਦੁਆਰਾ, ਰਾਮਪੁਰਾ ਜ਼ਿਲ੍ਹਾ ਬਠਿੰਡਾ ਅਤੇ ਸੰਦੀਪ ਸਿੰਘ ਉਰਫ ਟਿੰਮੀ ਪੁੱਤਰ ਭੋਲਾ ਸਿੰਘ ਵਾਸੀ ਠੁੱਲੀਵਾਲ ਹਾਲ ਆਬਾਦ ਗਲੀ ਨੰਬਰ 3, ਢਿੱਲੋ ਨਗਰ ਬਰਨਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹਨਾਂ ਦੀ ਪੁੱਛਗਿੱਛ ਤੇ ਅਧਾਰ ‘ਤੇ ਦੌਰਾਨੇ ਤਫਤੀਸ਼ ਇੱਕ ਹੋਰ ਦੋਸ਼ੀ ਦਿਨੇਸ਼ ਬਾਂਸਲ ਪੁੱਤਰ ਬਚਨ ਲਾਲ ਵਾਸੀ ਕੱਚਾ ਕਾਲਜ ਰੋਡ ਬਰਨਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਐਸਐਸਪੀ ਨੇ ਦੱਸਿਆ ਇਹਨਾਂ ਮਾੜੇ ਅਨਸਰਾਂ ਕੋਲੋਂ ਇੱਕ ਰਿਵਾਲਵਰ ਦੇਸੀ 315 ਬੋਰ, ਇੱਕ ਪਿਸਟਲ 32 ਬੋਰ ਸਮੇਤ ਜਿੰਦਾ ਕਾਰਤੂਸ, ਇੱਕ ਮੋਟਰਸਾਈਕਲ ਸਪਲੈਂਡਰ ਪੀਬੀ03 ਯੂ 3961 ਅਤੇ ਇੱਕ ਮੋਟਰਸਾਈਕਲ ਪਲਟੀਨਾ ਬਿਨਾਂ ਨੰਬਰ ਤੋਂ, ਇੱਕ ਲੋਹੇ ਦਾ ਦਾਤਰ ਤੇਜ਼ਧਾਰ ਅਤੇ ਇੱਕ ਖੋਹਿਆ ਹੋਇਆ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਐਸਐਸਪੀ ਨੇ ਇਹ ਵੀ ਦੱਸਿਆ ਕਿ ਇਹਨਾਂ ਦੋਸ਼ੀਆਂ ਨੇ 9 ਦਸੰਬਰ 2025 ਨੂੰ ਰਾਮਪੁਰੇ ਵਿਖੇ ਕਬਾੜੀਏ ਤੋਂ 2300 ਰੁਪਏ ਦੀ ਲੁੱਟ ਖੋਹ ਕੀਤੀ, 11 ਦਸੰਬਰ ਨੂੰ ਇੱਕ ਸਬਜ਼ੀ ਵਾਲੇ ਤੋਂ ਲੁੱਟਖੋਹ ਦੀ ਕੋਸ਼ਿਸ਼ ਕੀਤੀ, ਤਪਾ ਤੋਂ ਇੱਕ ਮੋਬਾਈਲ ਫੋਨ ਅਤੇ 900 ਦੀ ਲੁੱਟ ਖੋਹ ਕੀਤੀ, ਇਸੇ ਤਰ੍ਹਾਂ ਤਪਾ ਸ਼ਹਿਰ ਤੋਂ ਇੱਕ ਮਹਾਜਨ ਦੀ ਰੈਕੀ ਕਰਕੇ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਅਤੇ 14 ਦਸੰਬਰ 2025 ਨੂੰ ਦਾਣਾ ਮੰਡੀ ਬਰਨਾਲਾ ਤੋਂ ਇੱਕ ਅਧਿਆਪਕ ਤੋਂ 7400 ਰੁਪਏ ਖੋਹ ਕੀਤੀ ਅਤੇ 14 ਦਸੰਬਰ ਨੂੰ ਹੀ ਬਰਨਾਲਾ ਵਿਖੇ ਇੱਕ ਸੈਨਟਰੀ ਇੰਸਪੈਕਟਰ ਤੋਂ 6000 ਰੁਪਏ ਦੀ ਲੁੱਟ ਖੋਹ ਕੀਤੀ। ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਜਸਵੀਰ ਸਿੰਘ ਉਰਫ਼ ਬਿੱਲਾ ਦੇ ਖ਼ਿਲਾਫ਼ ਬਰਨਾਲਾ ਵਿਖੇ ਦੋ ਮੁਕੱਦਮੇ ਦਰਜ ਹਨ ਅਤੇ ਲਖਵਿੰਦਰ ਸਿੰਘ ਲੱਕੀ ਦੇ ਖ਼ਿਲਾਫ਼ ਰਾਮਪੁਰਾ ਵਿਖੇ ਇੱਕ ਮੁਕੱਦਮਾ ਦਰਜ ਹੈ। ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਇਹ ਮੰਨਿਆ ਹੈ ਕਿ ਇਹਨਾਂ ਨੇ ਸ਼ਹਿਰ ਅੰਦਰ ਅਗਵਾ ਦੀ ਕਿਸੇ ਵੱਡੀ ਘਟਨਾ ਅਤੇ ਇਸ ਤੋਂ ਇਲਾਵਾ ਇਹਨਾਂ ਦੀ ਲੁੱਟ ਖੋਹ ਦੀ ਇੱਕ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇਣ ਦੀ ਯੋਜਨਾ ਸੀ।











