ਚੰਡੀਗੜ੍ਹ ,27 ਦਸੰਬਰ , Gee98 news service-
-ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਮੌਕੇ ਦੀ ਸੱਤਾਧਾਰੀ ਪਾਰਟੀ ਨੇ ਵਿਧਾਨ ਸਭਾ ਦੇ ਅੰਦਰਲੀ ਕਾਰਵਾਈ ਨੂੰ ਆਪਣੀ ਨਿੱਜੀ ਕਾਰਵਾਈ ਵਜੋਂ ਪੇਸ਼ ਕੀਤਾ ਹੈ। ਇਹ ਉਸ ਵੇਲੇ ਸਾਹਮਣੇ ਆਇਆ ਜਦੋਂ ਆਮ ਆਦਮੀ ਪਾਰਟੀ ਨੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਦੇ ਚੈਨਲ ਲੋਕ ਆਵਾਜ਼ ਟੀਵੀ ਨੂੰ ਕਾਪੀਰਾਈਟ ਨੋਟਿਸ ਦੇ ਦਿੱਤਾ। ਜ਼ਿਕਰਯੋਗ ਹੈ ਕਿ ਲੋਕ ਆਵਾਜ਼ ਟੀਵੀ ਨੇ ਵਿਧਾਨ ਸਭਾ ਦੇ ਇੱਕ ਸੈਸ਼ਨ ਦੌਰਾਨ ਸੱਤਾਧਾਰੀ ਪਾਰਟੀ ਵੱਲੋਂ ਨਾਅਰੇਬਾਜ਼ੀ ਕਰਨ ਦੀ ਕਵਰੇਜ ਨਾਲ ਸਬੰਧਿਤ ਵੀਡੀਓ ਕਲਿੱਪ ਅਤੇ ਤਸਵੀਰਾਂ ਆਪਣੇ ਚੈਨਲ ‘ਤੇ ਚਲਾਈਆਂ ਸਨ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਲੋਕਆਵਾਜ਼ ਟੀਵੀ ਨੂੰ ਕਾਪੀ ਰਾਈਟ ਕੰਟੈਂਟ ਦਾ ਨੋਟਿਸ ਦਿੱਤਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਵਿਧਾਨ ਸਭਾ ਦੇ ਅੰਦਰਲੀ ਕਾਰਵਾਈ ਆਮ ਆਦਮੀ ਪਾਰਟੀ ਦੀ ਨਿੱਜੀ ਕਾਰਵਾਈ ਕਿਵੇਂ ਹੋ ਗਈ ਅਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਅੰਦਰ ਕਿਸੇ ਵੀ ਕਾਰਵਾਈ ਸਬੰਧੀ ਕਿਸੇ ਵੀ ਮੀਡੀਆ ਅਦਾਰੇ ਨੂੰ ਨੋਟਿਸ ਕਿਵੇਂ ਦੇ ਸਕਦੀ ਹੈ ਕਿਉਂਕਿ ਵਿਧਾਨ ਸਭਾ ਦੇ ਅੰਦਰਲੀ ਕਾਰਵਾਈ ਲਾਈਵ ਕੰਟੈਂਟ ਹੈ ਅਤੇ ਪਬਲਿਕ ਡੋਮੇਨ ਵਿੱਚ ਆਉਂਦੀ ਹੈ। ਜੇਕਰ ਦੇਖਿਆ ਜਾਵੇ ਤਾਂ ਸਿਆਸੀ ਪਾਰਟੀਆਂ ਵੀ ਆਪਣੇ ਆਪ ਵਿੱਚ ਪਬਲਿਕ ਸਰਵਿਸ ਦੇ ਘੇਰੇ ਵਿੱਚ ਆਉਂਦੀਆਂ ਹਨ, ਕਿਸੇ ਵੀ ਸਿਆਸੀ ਪਾਰਟੀ ਦੇ ਆਪਣੇ ਪੇਜ ਤੋਂ ਚੁੱਕਿਆ ਗਿਆ ਕੋਈ ਵੀ ਕੰਟੈਂਟ ਵੀ ਕਾਪੀਰਾਈਟ ਦੇ ਘੇਰੇ ਹੇਠ ਨਹੀਂ ਆਉਂਦਾ ਪਰੰਤੂ ਆਮ ਆਦਮੀ ਪਾਰਟੀ ਨੇ ਤਾਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਵਿਧਾਨ ਸਭਾ ਦੇ ਅੰਦਰਲੀ ਕਾਰਵਾਈ ਸਬੰਧੀ ਹੀ ਕਾਪੀ ਲਾਈਟ ਕੰਟੈਂਟ ਦਾ ਨੋਟਿਸ ਦੇ ਦਿੱਤਾ। ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਪਾਸੇ ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਸੰਸਦ ਵਿੱਚ ਕਾਪੀਰਾਈਟ ਸਬੰਧੀ ਕਾਰਵਾਈ ਨੂੰ ਨਰਮ ਕਰਨ ਦੀ ਵਕਾਲਤ ਕੀਤੀ ਗਈ ਹੈ ਅਤੇ ਦੂਜੇ ਪਾਸੇ ਉਹਨਾਂ ਦੀ ਆਪਣੀ ਹੀ ਪਾਰਟੀ ਵੱਲੋਂ ਪੰਜਾਬ ‘ਚ ਸਰਕਾਰੀ ਕਾਰਵਾਈ ਨੂੰ ਹੀ ਆਪਣਾ ਨਿੱਜੀ ਕੰਟੈਂਟ ਬਣਾ ਕੇ ਮੀਡੀਆ ਅਦਾਰਿਆਂ ਨੂੰ ਨੋਟਿਸ ਦਿੱਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੀ ਇਸ ਕਾਰਵਾਈ ‘ਤੇ ਪੰਜਾਬ ਦੇ ਸੀਨੀਅਰ ਪੱਤਰਕਾਰਾਂ ਵੱਲੋਂ ਵੱਖ-ਵੱਖ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ, ਜਿਨਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਦੇ ਹਿੱਤਾਂ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਮੀਡੀਆ ਦਾ ਗਲਾ ਘੁੱਟਣ ਦੇ ਬਰਾਬਰ ਹੈ। ਸੀਨੀਅਰ ਪੱਤਰਕਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਇਸ ਕਦਮ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਮੀਡੀਆ ਦੀ ਆਜ਼ਾਦੀ ‘ਤੇ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ।










