ਬਰਨਾਲਾ, 27 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਸਾਲ 2025 ਆਪਣੇ ਅਖੀਰਲੇ ਦਿਨਾਂ ਦੌਰਾਨ ਬਰਨਾਲਾ ਵਾਸੀਆਂ ਨੂੰ ਇੱਕ ਵੱਡਾ ਝਟਕਾ ਦੇ ਕੇ ਗਿਆ ਹੈ। ਬਰਨਾਲਾ ‘ਚ ਸਿਰਫ਼ ਚਾਰ ਕੁ ਦਿਨਾਂ ਦੇ ਵਕਫੇ ਦੌਰਾਨ ਹੀ ਸ਼ਹਿਰ ਦੀਆਂ ਦੋ ਮਹਾਨ ਹਸਤੀਆਂ ਜਹਾਨੋਂ ਕੂਚ ਕਰ ਗਈਆਂ। 20 ਦਸੰਬਰ ਨੂੰ ਐਸਡੀ ਸਭਾ ਦੇ ਚੇਅਰਮੈਨ ਅਤੇ ਵਕਾਲਤ ਦੇ ਖੇਤਰ ਤੋਂ ਇਲਾਵਾ ਧਾਰਮਿਕ, ਸਮਾਜਿਕ ਖੇਤਰ ਵਿੱਚ ਚੰਗਾ ਨਾਮਣਾ ਖਟਣ ਵਾਲੇ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਹਮੇਸ਼ਾ ਲਈ ਇਸ ਦੁਨੀਆਂ ਤੋਂ ਚਲੇ ਗਏ ਅਤੇ ਉਨਾਂ ਤੋਂ 4-5 ਦਿਨ ਬਾਅਦ ਹੀ ਸਨਾਤਨ ਧਰਮ ਅਤੇ ਸ਼ਹਿਰ ਦੀ ਮਹਾਨ ਹਸਤੀ ਪੰਡਿਤ ਸ੍ਰੀ ਸ਼ਿਵ ਕੁਮਾਰ ਗੌੜ ਵੀ ਚਲੇ ਗਏ। 83 ਸਾਲ ਦੀ ਉਮਰ ‘ਚ ਪੰਡਿਤ ਸ਼ਿਵ ਕੁਮਾਰ ਜੀ ਨੇ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਬੁੱਧਵਾਰ ਅਤੇ ਵੀਰਵਾਰ ਦੀ ਵਿਚਕਾਰਲੀ ਰਾਤ ਆਖ਼ਰੀ ਸਾਹ ਲਏ। ਪਰਿਵਾਰਕ ਮੈਂਬਰਾਂ ਅਨੁਸਾਰ ਪੰਡਿਤ ਸ੍ਰੀ ਗੌੜ ਨੇ ਸਨਾਤਨ ਧਰਮ ਦੀ ਵਿਦਿਆ ਬਨਾਰਸ ਅਤੇ ਖੰਨਾ ਤੋਂ ਪ੍ਰਾਪਤ ਕੀਤੀ ਅਤੇ ਉਹ ਆਪਣੇ ਪਿਤਾ ਪੰਡਤ ਸ੍ਰੀ ਨੰਦ ਲਾਲ ਦੇ ਨਕਸ਼ੇ ਕਦਮਾਂ ‘ਤੇ ਚਲਦੇ ਹੋਏ ਸਨਾਤਨ ਧਰਮ ਦੀ ਸਤਿਕਾਰਿਤ ਹਸਤੀ ਬਣੇ। ਪੰਡਿਤ ਸ੍ਰੀ ਸ਼ਿਵ ਕੁਮਾਰ ਗੌੜ ਚਾਰ ਭਰਾ ਸਨ ਪ੍ਰੰਤੂ ਧਾਰਮਿਕ ਰੁਚੀ ਪੰਡਿਤ ਗੌੜ ਦੇ ਅੰਦਰ ਹੀ ਪੈਦਾ ਹੋਈ। ਸ਼ਹਿਰ ਦਾ ਕੋਈ ਵੀ ਧਾਰਮਿਕ ਸਮਾਗਮ ਅਜਿਹਾ ਨਹੀਂ ਜਿਸ ਵਿੱਚ ਪੰਡਤ ਸ਼ਿਵ ਕੁਮਾਰ ਗੌੜ ਦੀ ਸ਼ਮੂਲੀਅਤ ਨਾ ਹੋਵੇ, ਬਲਕਿ ਸ਼ਹਿਰ ਦੇ ਬਹੁਤੇ ਧਾਰਮਿਕ ਸਮਾਗਮਾਂ ਵਿੱਚ ਲੋਕ ਉਹਨਾਂ ਦੀ ਹਾਜ਼ਰੀ ਜ਼ਰੂਰੀ ਸਮਝਦੇ ਸਨ। ਪੰਡਿਤ ਸ੍ਰੀ ਸ਼ਿਵ ਕੁਮਾਰ ਗੌੜ ਨੇ ਸ਼ਹਿਰ ਵਿੱਚ ਆਪਣਾ ਅਜਿਹਾ ਰੁਤਬਾ ਬਣਾਇਆ ਹੋਇਆ ਸੀ ਕਿ ਕਿਸੇ ਵੀ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਮਹਿਫਿਲ ਵਿੱਚ ਪ੍ਰਵੇਸ਼ ਕਰਨ ‘ਤੇ ਲੋਕੀ ਹੱਥ ਜੋੜ ਕੇ ਸਤਿਕਾਰ ਕਰਦੇ ਸਨ। ਸ਼ਹਿਰ ਵਿੱਚ ਉਹਨਾਂ ਦੇ ਸਤਿਕਾਰ ਦੇ ਮੱਦੇਨਜ਼ਰ ਇੱਕ ਹੋਰ ਮਹੱਤਵਪੂਰਨ ਤੱਥ ਵੀ ਜੁੜਿਆ ਹੋਇਆ ਹੈ ਕਿ ਸ਼ਹਿਰ ਦੇ ਕਿਸੇ ਵੀ ਸਮਾਗਮ ਦੀ ਵਿਉਂਤਬੰਦੀ/ਰੂਪਰੇਖਾ ਸਬੰਧੀ ਪੰਡਿਤ ਸ਼ਿਵ ਕੁਮਾਰ ਗੌੜ ਦੀ ‘ਲਕੀਰ’ ਦੇ ਸਿਰੇ ‘ਤੇ ਹੀ ‘ਠੀਕਾ’ ਲਗਾ ਦਿੱਤਾ ਜਾਂਦਾ ਸੀ। ਸਨਾਤਨ ਧਰਮ ਦੇ ਸਿਧਾਂਤਾਂ ਅਨੁਸਾਰ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਦੀ ਸੂਚੀ ਉੰਝ ਤਾਂ ਬਹੁਤ ਲੰਮੇਰੀ ਹੈ ਪ੍ਰੰਤੂ ਉਹਨਾਂ ਵੱਲੋਂ ਸ੍ਰੀ ਬਦਰੀਨਾਥ ਵਿਖੇ ਲੰਗਰ ਦਾ ਸੰਕਲਪ ਜ਼ਿਕਰਯੋਗ ਹੈ। ਇਹ ਲੰਗਰ ਸ੍ਰੀ ਬਦਰੀਨਾਥ ਵਿਖੇ 15 ਮਈ ਤੋਂ 15 ਜੂਨ ਤੱਕ ਹਰੇਕ ਸਾਲ ਇੱਕ ਮਹੀਨਾ ਲੱਗਦਾ ਹੈ ਜਿਸ ਦਾ ਸੰਕਲਪ ਲੱਗਭੱਗ 25 ਸਾਲ ਪਹਿਲਾਂ ਪੰਡਤ ਸ੍ਰੀ ਸ਼ਿਵ ਕੁਮਾਰ ਗੌੜ ਜੀ ਦੀ ਪਹਿਲਕਦਮੀ ਸਦਕਾ ਸ਼ਹਿਰ ਵਾਸੀਆਂ ਨੇ ਲਿਆ। ਇਸ ਤੋਂ ਇਲਾਵਾ ਸ੍ਰੀ ਵ੍ਰਿੰਦਾਵਨ, ਹਰਿਦੁਆਰ ਅਤੇ ਪੰਜਾਬ ਤੋਂ ਬਾਹਰ ਸਨਾਤਨ ਧਰਮ ਦੇ ਹੋਰ ਪ੍ਰਸਿੱਧ ਅਸਥਾਨਾਂ ‘ਤੇ ਧਰਮਸ਼ਾਲਾਵਾਂ ਦੀ ਉਸਾਰੀ ਸਮੇਤ ਪੰਡਿਤ ਗੌੜ ਜੀ ਦੁਆਰਾ ਕੀਤੇ ਗਏ ਕੰਮ ਹਮੇਸ਼ਾ ਜ਼ਿਕਰਯੋਗ ਰਹਿਣਗੇ। ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਦੌਰਾਨ ਵੀ ਉਹ ਲੋਕਾਂ ਨੂੰ ਸ੍ਰੀ ਖਾਟੂ ਸ਼ਿਆਮ ਜੀ ਦੇ ਅਸਥਾਨ ਪ੍ਰਤੀ ਪ੍ਰੇਰਿਤ ਕਰਦੇ ਰਹੇ। ਪੰਡਿਤ ਸ਼ਿਵ ਕੁਮਾਰ ਗੌੜ ਦੀ ਸੰਤਾਨੀ ਵਿਰਾਸਤ ਵੀ ਉਹਨਾਂ ਦੇ ਨਕਸ਼ੇ ਕਦਮ ‘ਤੇ ਹੀ ਚੱਲ ਰਹੀ ਹੈ। ਜਿਸ ਕਰਕੇ ਪੰਡਿਤ ਸਿਵ ਕੁਮਾਰ ਗੌੜ ਨੇ ਆਪਣੀ ‘ਸਨਾਤਨ ਆਚਾਰੀਆ’ ਦੀ ਉਪਾਧੀ ਆਪਣੇ ਸਪੁੱਤਰ ਪੰਡਿਤ ਰਾਕੇਸ਼ ਗੌੜ ਦੀ ਝੋਲੀ ਪਾਈ। ਪੰਡਿਤ ਸ਼ਿਵ ਕੁਮਾਰ ਗੌੜ ਜੀ ਦੀ ਜ਼ਿੰਦਗੀ ਨਾਲ ਇੱਕ ਮਹੱਤਵਪੂਰਨ ਤੱਥ ਇਹ ਵੀ ਜੁੜਿਆ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਦੇ ਖ਼ਾਨਦਾਨੀ ਵਡੇਰਿਆਂ ਨਾਲ ਮਹਾਰਾਜਾ ਪਟਿਆਲੇ ਦੇ ਸਮੇਂ ਤੋਂ “ਰਾਜਪੁਰੋਹਿਤ” ਦੀ ਪਦਵੀ ਜੁੜੀ ਰਹੀ ਹੈ। ਐਡਵੋਕੇਟ ਸ੍ਰੀ ਸ਼ਿਵਦਰਸ਼ਨ ਕੁਮਾਰ ਜੀ ਅਤੇ ਪੰਡਿਤ ਸ੍ਰੀ ਸ਼ਿਵ ਕੁਮਾਰ ਗੌੜ ਜੀ ਦੇ ਵਿਛੋੜੇ ਨੇ ਬਰਨਾਲਾ ਸ਼ਹਿਰ ਲਈ ਨਵੇਂ ਵਰ੍ਹੇ ਦੇ ਰੰਗ ਫਿੱਕੇ ਕਰ ਦਿੱਤੇ ਹਨ। ਸਾਲ 2025 ਦੇ ਅਖੀਰਲੇ ਦਿਨਾਂ ਵਿੱਚ ਬਰਨਾਲਾ ਵਾਸੀਆਂ ਨੂੰ ਮਿਲੇ ਇਹ ਦੋ ਵੱਡੇ ਜ਼ਖ਼ਮ ਹਮੇਸ਼ਾ ਰਿਸਦੇ ਰਹਿਣਗੇ। ਸ਼ਹਿਰ ਵਿੱਚ ਐਡਵੋਕੇਟ ਸ੍ਰੀ ਸ਼ਰਮਾ ਅਤੇ ਪੰਡਿਤ ਸ੍ਰੀ ਗੌੜ ਦੀ ਜੋੜੀ ਨੂੰ ਚਾਚੇ ਭਤੀਜੇ ਦੀ ਸਾਂਝ ਦੇ ਤੌਰ ‘ਤੇ ਜਾਣਿਆ ਜਾਂਦਾ ਸੀ, ਪ੍ਰੰਤੂ ਦੋਵਾਂ ਹਸਤੀਆਂ ਦੀ ਨੇੜਤਾ ਦੀ ਇੱਕ ਦਿਲਚਸਪੀ ਇਹ ਵੀ ਸੀ ਕਿ ਦੋਵੇਂ ਜਣੇ ਮਿੱਤਰਾਂ ਵਾਂਗ ਹੀ ਵਿਚਰਦੇ ਰਹੇ ਅਤੇ ਸੱਚੇ ਮਿੱਤਰਾਂ ਵਾਂਗ ਇਕੱਠੇ ਹੀ ਗੁਜ਼ਰ ਗਏ, ਸਿਰਫ਼ ਚਾਰ ਕੁ ਦਿਨਾਂ ਦੇ ਵਕਫੇ ਦੌਰਾਨ ਹੀ ਭਤੀਜੇ ਦੇ ਚਾਚੇ ਦੇ ਮਗਰ ਹੀ ਤੁਰ ਜਾਣ ਦੀ ਕਹਾਣੀ ਬਰਨਾਲਾ ਸ਼ਹਿਰ ਨੂੰ ਉਦਾਸ ਕਰ ਗਈ। ਇਸ ਸਾਲ ਦੇ ਅਖੀਰਲੇ ਦਿਨ 31 ਦਸੰਬਰ ਨੂੰ ਸ਼ਹਿਰ ਵਾਸੀ ਅਤੇ ਮਿੱਤਰ ਪਿਆਰੇ SSD ਕਾਲਜ ਵਿੱਚ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਲਈ ਅਤੇ ਨਵੇਂ ਵਰ੍ਹੇ ਦੇ ਪਹਿਲੇ ਹਫ਼ਤੇ 7 ਜਨਵਰੀ ਨੂੰ ਸਾਂਤੀ ਹਾਲ ‘ਚ ਪੰਡਿਤ ਸ੍ਰੀ ਸ਼ਿਵ ਕੁਮਾਰ ਗੌੜ ਲਈ ਸ਼ਰਧਾ ਭੇਂਟ ਕਰਨ ਲਈ ਜੁੜਨਗੇ। ਇਨਾ ਦੋਵੇਂ ਮਹਾਨ ਹਸਤੀਆਂ ਦੀ ਯਾਦ ਬਰਨਾਲਾ ਵਾਸੀਆਂ ਦੇ ਮਨਾਂ ‘ਚ ਹਮੇਸ਼ਾ ਵਸੀ ਰਹੇਗੀ।










