ਚੰਡੀਗੜ੍ਹ ,5 ਜਨਵਰੀ, Gee98 news service-
-ਪੰਜਾਬ ਦੇ ਸਰਕਾਰੀ ਜਹਾਜ਼ ਦੇ ਗੇੜਿਆਂ ਸਬੰਧੀ ਸਵਾਲ ਪੁੱਛੇ ਜਾਣ ਤੋਂ ਬਾਅਦ ਕੁਝ ਪੱਤਰਕਾਰਾਂ ‘ਤੇ ਮੁਕੱਦਮਾ ਦਰਜ ਕੀਤੇ ਜਾਣ ਦੇ ਰੋਸ ਵਜੋਂ ਪੱਤਰਕਾਰਾਂ ਦੇ ਹੱਕ ‘ਚ ਅਤੇ ਸਰਕਾਰ ਦੇ ਖ਼ਿਲਾਫ਼ ਇੱਕ ਲਹਿਰ ਬਣਦੀ ਜਾ ਰਹੀ ਹੈ। ਪੰਜਾਬ ਦੀਆਂ ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ ਨਾਲ ਜਨਤਕ ਜਥੇਬੰਦੀਆਂ ਪੱਤਰਕਾਰਾਂ ਦੇ ਹੱਕ ਵਿੱਚ ਖੜ ਗਈਆਂ ਹਨ, ਇਥੋਂ ਤੱਕ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਭਾਵੇਂ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਪ੍ਰੰਤੂ ਉਹ ਵੀ ਇਸ ਕਾਰਵਾਈ ਨੂੰ ਗ਼ਲਤ ਠਹਿਰਾ ਰਹੇ ਹਨ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾਤਾ ਗਿਆਨ ਸਿੰਘ ਮਾਨ ਪੱਤਰਕਾਰਾਂ ਦੇ ਹੱਕ ‘ਚ ਖੁੱਲ੍ਹ ਕੇ ਆ ਚੁੱਕੇ ਹਨ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਗਿਆਨ ਸਿੰਘ ਮਾਨ ਨੇ ਇੱਕ ਪੋਸਟ ਪਾ ਕੇ ਪੱਤਰਕਾਰਾਂ ਦੇ ਖ਼ਿਲਾਫ਼ ਕੀਤੀ ਕਾਰਵਾਈ ਨੂੰ ਗਲਤ ਦੱਸਿਆ ਤੇ ਰੱਦ ਕਰਨ ਦੀ ਮੰਗ ਕੀਤੀ।ਗਿਆਨ ਸਿੰਘ ਮਾਨ ਨੇ ਲਿਖਿਆ ਕਿ RTI ਕਾਰਕੁੰਨ ਮਾਨਿਕ ਗੋਇਲ ਅਤੇ ਪੱਤਰਕਾਰਾਂ ਵੱਲੋਂ ਹੈਲੀਕਾਪਟਰ ਦੇ ਗੇੜਿਆਂ ਬਾਰੇ ਸਵਾਲ ਪੁੱਛਣ ਸਬੰਧੀ ਦਰਜ ਹੋਏ ਕੇਸ ਰੱਦ ਹੋਣੇ ਚਾਹੀਦੇ ਹਨ। ਉਨ੍ਹਾਂ ਲਿਖਿਆ ਕਿ ਸੋਸ਼ਲ ਮੀਡੀਆ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਸੱਤਾ ‘ਚ ਆਈ ਹੈ ਅਤੇ ਲੋਕਤੰਤਰ ਵਿੱਚ ਸਰਕਾਰਾਂ ਨੂੰ ਸਵਾਲ-ਜਵਾਬ ਕਰਨਾ ਲੋਕਾਂ ਦਾ ਸੰਵਿਧਾਨਕ ਹੱਕ ਹੈ।










