ਚੰਡੀਗੜ੍ਹ ,5 ਜਨਵਰੀ, Gee98 News service
-ਨਵੰਬਰ 2025 ਵਿੱਚ ਭਾਰਤ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਾਕਿਸਤਾਨ ਗਈ ਸਰਬਜੀਤ ਕੌਰ ਨੂੰ ਪਾਕਿਸਤਾਨ ਸਰਕਾਰ ਵਾਪਸ ਭਾਰਤ ਭੇਜਣ ਦੀ ਕਾਰਵਾਈ ਸ਼ੁਰੂ ਕਰ ਰਹੀ ਹੈ। ਸਰਬਜੀਤ ਕੌਰ (ਨਵਾਂ ਨਾਮ ਨੂਰ ਹੁਸੈਨ) ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਾਕਿਸਤਾਨ ਗਈ ਸੀ ਅਤੇ ਉੱਥੇ ਹੀ ਰੁਕ ਗਈ ਸੀ ਜਿਸ ਨੇ ਨਾਸਿਰ ਹੁਸੈਨ ਦੇ ਨਾਲ ਨਿਕਾਹ ਕਰਵਾ ਲਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਨੂੰ ਉਥੋਂ ਦੀ ਪੁਲਿਸ ਨੇ ਉਸਦੇ ਪਤੀ ਨਾਸਿਰ ਹੁਸੈਨ ਸਮੇਤ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਉਸ ਨੂੰ ਵਾਪਸ ਭਾਰਤ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਕਿ ਮੀਡੀਆ ਰਿਪੋਰਟਾਂ ਵਿੱਚ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਅਨੁਸਾਰ ਇਹ ਗ੍ਰਿਫ਼ਤਾਰੀ 4 ਜਨਵਰੀ 2026 ਨੂੰ ਨਨਕਾਣਾ ਸਾਹਿਬ ਦੇ ਪਿੰਡ ਪਹੇੜੇ ਵਾਲੀ ਵਿੱਚ ਕੀਤੀ ਗਈ ਜਿੱਥੇ ਉਕਤ ਜੋੜੇ ਨੂੰ ਹਿਰਾਸਤ ਵਿੱਚ ਲਿਆ ਗਿਆ। ਸਰਬਜੀਤ ਕੌਰ ਸਿਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ ਅਤੇ ਜਥੇ ਤੋਂ ਵੱਖ ਹੋਕੇ ਪਾਕਿਸਤਾਨ ਹੀ ਰੁਕ ਗਈ ਸੀ। ਉਸਨੇ ਇਸਲਾਮ ਧਾਰਨ ਕਰ ਲਿਆ ਸੀ ਅਤੇ 5 ਨਵੰਬਰ ਨੂੰ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਦੇ ਨਾਲ ਨਿਕਾਹ ਕਰ ਲਿਆ ਸੀ। ਨਿਕਾਹ ਤੋਂ ਬਾਅਦ ਦੋਵਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਇੱਕ ਦੂਜੇ ਨੂੰ 2016 ਤੋਂ ਸੋਸ਼ਲ ਮੀਡੀਆ ਰਾਹੀਂ ਜਾਣਦੇ ਹਨ। ਸਰਬਜੀਤ ਕੌਰ ਦਾ ਤੀਰਥ ਯਾਤਰੀ ਵੀਜ਼ਾ ਸਿੰਗਲ ਐਂਟਰੀ ਸੀ ਅਤੇ ਉਸਦੀ ਮਿਆਦ ਖਤਮ ਹੋ ਚੁੱਕੀ ਹੈ। ਸਰਬਜੀਤ ਕੌਰ ਨੂੰ ਹੁਣ ਅਵੇਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਹਵਾਲੇ ਕੀਤਾ ਜਾਵੇਗਾ ਤਾਂ ਜੋ ਉਸਨੂੰ ਭਾਰਤ ਡਿਪੋਰਟ ਕੀਤਾ ਜਾ ਸਕੇ ਜਦਕਿ ਉਸਦਾ ਪਤੀ ਨਾਸਿਰ ਹੁਸੈਨ ਪੁਲਿਸ ਹਿਰਾਸਤ ਵਿੱਚ ਹੀ ਰਹੇਗਾ ਅਤੇ ਉਸਦੇ ਮੋਬਾਈਲ ਫੋਨ ਦਾ ਫੋਰੈਂਸਿੰਕ ਵਿਸ਼ੇਸ਼ਣ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਹੋਰ ਸਾਜਿਸ਼ ਜਾਂ ਸੁਰੱਖਿਆ ਉਲੰਘਣਾ ਦੀ ਜਾਂਚ ਕੀਤੀ ਜਾ ਸਕੇ। ਸਿੱਖ ਸ਼ਰਧਾਲੂਆਂ ਦੇ ਜੱਥੇ ਨਾਲ ਪਾਕਿਸਤਾਨ ਯਾਤਰਾ ‘ਤੇ ਗਈ ਸਰਬਜੀਤ ਕੌਰ ਦਾ ਪਾਕਿਸਤਾਨ ਵਿੱਚ ਰੁਕਣਾ ਅਤੇ ਧਰਮ ਤੇ ਨਾਮ ਬਦਲ ਕੇ ਨਿਕਾਹ ਕਰਵਾ ਲੈਣ ਦੇ ਮਾਮਲੇ ਸਬੰਧੀ ਮਹਿੰਦਰਪਾਲ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਲਾਹੌਰ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ। ਮਹਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ “ਸ਼ਰਧਾਲੂ ਵੀਜ਼ਾ” ‘ਤੇ ਪਾਕਿਸਤਾਨ ਆ ਕੇ ਅਜਿਹਾ ਕਰਨਾ ਤੀਰਥ ਯਾਤਰਾ ਪ੍ਰੋਟੋਕੋਲ ਦਾ ਘਣ ਹੈ। ਜਿਸ ਤਰੀਕੇ ਦੇ ਨਾਲ ਪਾਕਿਸਤਾਨ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਸਰਬਜੀਤ ਕੌਰ ਨੂੰ ਜਲਦੀ ਹੀ ਭਾਰਤ ਵਾਪਸ ਭੇਜਿਆ ਜਾਵੇਗਾਅਤੇ ਭਾਰਤ ਆ ਕੇ ਉਸਨੂੰ ਭਾਰਤੀ ਕਾਨੂੰਨ ਅਤੇ ਸੁਰੱਖਿਆ ਏਜੰਸੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ।










