ਚੰਡੀਗੜ੍ਹ ,6 ਜਨਵਰੀ, Gee98 News service
-ਆਪਣੀ ਸ਼ਰਧਾਲੂ ਔਰਤ ਨਾਲ ਇੱਕ ਹੋਟਲ ‘ਚ ਲਿਜਾ ਕੇ ਜਬਰਜਨਾਹ ਕਰਨ ਦੇ ਮਾਮਲੇ ਵਿੱਚ ਇੱਕ ਬਾਬੇ ਨੂੰ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਤੋਂ ਜਗਰਾਉਂ ਰੋਡ ‘ਤੇ ਅਖਾੜਾ ਨਹਿਰ ਦੇ ਪੁਲ ਨੇੜੇ ਗੁਰਦੁਆਰਾ ਚਰਨਘਾਟ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਨੂੰ ਮੋਗਾ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ ਪਿਛਲੇ ਵਰ੍ਹੇ ਸਤੰਬਰ ਮਹੀਨੇ ਵਿੱਚ ਸਿੱਖ ਜਥੇਬੰਦੀਆਂ ਨੇ ਅਖਾੜਾ ਨਹਿਰ ਦੇ ਪੁੱਲ ਨੇੜੇ ਬਣੇ ਗੁਰਦੁਆਰਾ ਚਰਨਘਾਟ ਦੇ ਬਾਬਾ ਬਲਵਿੰਦਰ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਔਰਤਾਂ ਦੇ ਸਰੀਰਕ ਸ਼ੋਸ਼ਣ ਦਾ ਖੁਲਾਸਾ ਕੀਤਾ ਸੀ, ਇਸ ਸਬੰਧੀ ਸਿੱਖ ਨੌਜਵਾਨਾਂ ਨੇ ਕੁਝ ਵੀਡੀਓ ਵੀ ਵਾਇਰਲ ਕੀਤੀਆਂ ਸਨ ਜਿਸ ਤੋਂ ਬਾਅਦ ਜਗਰਾਉਂ ਪੁਲਿਸ ਹਰਕਤ ਵਿੱਚ ਆਈ ਅਤੇ ਬਾਬਾ ਬਲਵਿੰਦਰ ਸਿੰਘ ਦੇ ਖ਼ਿਲਾਫ਼ ਜਗਰਾਉਂ ਥਾਣਾ ਸਿਟੀ ਵਿਖੇ ਮੁਕਦਮਾ ਦਰਜ ਕੀਤਾ ਗਿਆ ਸੀ। ਜਗਰਾਉਂ ਸਿਟੀ ਥਾਣਾ ‘ਚ ਬਾਬਾ ਬਲਵਿੰਦਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਹੋਣ ਤੋਂ ਬਾਅਦ ਉਹਨਾਂ ਦੀ ਇੱਕ ਹੋਰ ਸ਼ਰਧਾਲੂ ਔਰਤ ਸਾਹਮਣੇ ਆਈ ਜਿਸ ਨੇ ਬਾਬੇ ‘ਤੇ ਮੋਗਾ ਦੇ ਇੱਕ ਹੋਟਲ ਵਿੱਚ ਲਿਜਾ ਕੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਜਿਸ ਤੋਂ ਬਾਅਦ ਮੋਗਾ ਜਿਲੇ ਦੇ ਥਾਣਾ ਮਹਿਣਾ ਵਿਖੇ ਇਸ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਬਾਬਾ ਬਲਵਿੰਦਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸੇ ਮੁਕੱਦਮੇ ਦੀ ਸੁਣਵਾਈ ਦੌਰਾਨ ਮੋਗਾ ਦੀ ਇੱਕ ਅਦਾਲਤ ਨੇ ਬੀਤੇ ਕੱਲ੍ਹ ਬਾਬਾ ਬਲਵਿੰਦਰ ਸਿੰਘ ਨੂੰ ਜਬਰਜਨਾਹ ਦੇ ਮਾਮਲੇ ‘ਚ 10 ਸਾਲ ਦੀ ਸਜ਼ਾ ਸੁਣਾਈ ਹੈ।
ਫੋਟੋ ਕੈਪਸ਼ਨ-ਬਾਬਾ ਬਲਵਿੰਦਰ ਸਿੰਘ ਦੀ ਫਾਈਲ ਫੋਟੋ










