ਚੰਡੀਗੜ੍ਹ ,6 ਜਨਵਰੀ, Gee98 news service-
-ਪੰਜਾਬ ਪੁਲਿਸ ਅਤੇ ਏਜੀਪੀਐਫ ਦੀ ਟੀਮ ਵੱਲੋਂ ਇੱਕ ਸਾਂਝੇ ਆਪਰੇਸ਼ਨ ਵਿੱਚ ਇੱਕ ਗੈਂਗਸਟਰ ਨੂੰ ਮੁਕਾਬਲੇ ‘ਚ ਮਾਰ ਦੇਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਆਈਜੀ ਸੁਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਦੀ ਪਹਿਚਾਣ ਹਰਨੂਰ ਨੂਰ ਵਜੋਂ ਹੋਈ ਹੈ ਜੋ ਕੱਥੂਨੰਗਲ ਏਰੀਏ ਦਾ ਰਹਿਣ ਵਾਲਾ ਸੀ। ਪੁਲਿਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਇਹ ਗੈਂਗਸਟਰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਇੱਕ ਪੈਲੇਸ ਵਿੱਚ ਆਪ ਸਰਪੰਚ ਜਰਮਲ ਸਿੰਘ ਦੇ ਕਤਲ ਕਾਂਡ ਵਿੱਚ ਸ਼ਾਮਿਲ ਸੀ। ਡੀਆਈਜੀ ਨੇ ਦੱਸਿਆ ਕਿ ਤਰਨਤਰਨ ਸੀਆਈਏ ਤੇ ਏਜੀਟੀਐਫ ਦੀ ਟੀਮ ਇੱਕ ਇਨਪੁੱਟ ਦੇ ਅਧਾਰ ‘ਤੇ ਇੱਕ ਬਾਈਕ ਸਵਾਰ ਦਾ ਪਿੱਛਾ ਕਰ ਰਹੀ ਸੀ ਤਾਂ ਉਸਨੇ ਬਾਈਕ ਸੁੱਟ ਕੇ ਗੋਲੀ ਚਲਾਉਂਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਗੈਂਗਸਟਰ ਵੱਲੋਂ ਚਲਾਈ ਇੱਕ ਗੋਲੀ ਇੱਕ ਪੁਲਿਸ ਜਵਾਨ ਨੂੰ ਲੱਗੀ ਪ੍ਰੰਤੂ ਬੁਲੈਟ ਪਰੂਫ ਜੈਕੇਟ ਪਹਿਨੀ ਹੋਣ ਕਰਕੇ ਪੁਲਿਸ ਜਵਾਨ ਦਾ ਬਚਾਅ ਹੋ ਗਿਆ। ਪੁਲਿਸ ਅਤੇ ਗੈਂਗਸਟਰ ਦੇ ਵਿਚਕਾਰ ਇਹ ਮੁਕਾਬਲਾ ਭਿਖੀਵਿੰਡ ਦੇ ਪੂਹਲਾ ਖੇਤਰ ਵਿੱਚ ਹੋਇਆ। ਡੀਆਈਜੀ ਨੇ ਦੱਸਿਆ ਕਿ ਮੁਕਾਬਲੇ ‘ਚ ਮਾਰਿਆ ਗਿਆ ਗੈਂਗਸਟਰ ਹਰਨੂਰ ਨੂਰ ਖਤਰਨਾਕ ਗੈਂਗਸਟਰ ਪ੍ਰਭ ਦਾਸੂਵਾਲ ਦਾ ਸਾਥੀ ਸੀ, ਜੋ 4 ਜਨਵਰੀ ਨੂੰ ਅੰਮ੍ਰਿਤਸਰ ਦੇ ਇੱਕ ਪੈਲੇਸ ਵਿੱਚ ਆਪ ਸਰਪੰਚ ਜਰਮਲ ਸਿੰਘ ਦੇ ਕਤਲ ਦੀ ਯੋਜਨਾ ਵਿੱਚ ਸ਼ਾਮਿਲ ਸੀ। ਪੁਲਿਸ ਦਾ ਦਾਅਵਾ ਹੈ ਕਿ ਹਰਨੂਰ ਨੇ ਸਰਪੰਚ ਦੀ ਰੇਕੀ ਕੀਤੀ ਸੀ।
ਫੋਟੋ ਕੈਪਸ਼ਨ- ਘਟਨਾ ਸਥਾਨ ਦੀ ਤਸਵੀਰ










