ਬਰਨਾਲਾ ,7 ਜਨਵਰੀ , Gee98 News service-
-ਭਾਵੇਂ ਕਿ ਬਰਨਾਲਾ ਜ਼ਿਲ੍ਹੇ ਦੇ ਨੇਤਾਵਾਂ ਦੇ ਹੱਥ ਮੁੱਖ ਮੰਤਰੀ/ਕੇਂਦਰੀ ਮੰਤਰੀ ਤੱਕ ਦੀਆਂ ਪਾਵਰਾਂ ਵੀ ਰਹੀਆਂ ਹਨ ਪ੍ਰੰਤੂ ਬਰਨਾਲਾ ਜ਼ਿਲ੍ਹਾ ਬਦਲਾਖੋਰੀ ਦੀ ਰਾਜਨੀਤੀ ਤੋਂ ਹੁਣ ਤੱਕ ਨਿਰਲੇਪ ਹੀ ਰਿਹਾ ਹੈ ਪ੍ਰੰਤੂ ਹੁਣ ਬਦਲਾਅ ਦੀ ਰਾਜਨੀਤੀ ਨੇ ਬਰਨਾਲਾ ਦੀ ਇਸ ਭਾਈਚਾਰਕ ਸਾਂਝ ਨੂੰ ਤੋੜਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਕਾਰਜਸ਼ੈਲੀ ‘ਤੇ ਅਕਸਰ ਸਵਾਲ ਉੱਠਦੇ ਰਹੇ ਹਨ। ਹੁਣ ਇੱਕ ਤਾਜ਼ਾ ਮਾਮਲੇ ‘ਚ ਹਲਕਾ ਭਦੌੜ ਦੇ ਬਲਾਕ ਸ਼ਹਿਣਾ ਦੇ ਅਧੀਨ ਪੈਂਦੇ ਪਿੰਡ ਨੈਣੇਵਾਲ ਦੇ ਮੌਜੂਦਾ ਸਰਪੰਚ ਗਗਨਦੀਪ ਸਿੰਘ ਨੇ ਵਿਧਾਇਕ ਲਾਭ ਸਿੰਘ ਉਗੋਕੇ ‘ਤੇ ਗੰਭੀਰ ਦੋਸ਼ ਲਗਾਏ ਹਨ। ਆਪਣੇ ਫੇਸਬੁੱਕ ਅਕਾਊਂਟ ‘ਤੇ ਲਾਈਵ ਹੋ ਕੇ ਸਰਪੰਚ ਗਗਨਦੀਪ ਸਿੰਘ ਨੇ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਉਸ ਨੂੰ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ 19-21 ਹੁੰਦੀ ਹੈ ਤਾਂ ਇਸਦਾ ਜ਼ਿੰਮੇਵਾਰ ਵਿਧਾਇਕ ਲਾਭ ਸਿੰਘ ਉਗੋਕੇ ਹੋਵੇਗਾ। ਸਰਪੰਚ ਗਗਨਦੀਪ ਸਿੰਘ ਨੇ ਕਿਹਾ ਕਿ ਜਦ ਤੋਂ ਉਸ ਨੇ ਸਰਪੰਚੀ ਜਿੱਤੀ ਹੈ ਅਤੇ ਉਸ ਤੋਂ ਬਾਅਦ ਉਸ ਦੀ ਮਾਤਾ ਨੇ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੀ ਹੈ ਉਸ ਨੂੰ ਬਹੁਤ ਜਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਰਪੰਚ ਨੇ ਕਿਹਾ ਕਿ ਉਸ ਨੂੰ ਸਿੱਧੇ ਤੌਰ ‘ਤੇ ਸੁਨੇਹੇ ਲਾਏ ਜਾ ਰਹੇ ਹਨ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਵਿੱਚੋਂ ਕੋਈ ਇੱਕ ਸੀਟ ਛੱਡ ਦੇਵੇ। ਸਰਪੰਚ ਗਗਨਦੀਪ ਸਿੰਘ ਨੇ ਇਹ ਵੀ ਦੋਸ਼ ਲਗਾਏ ਕਿ ਉਸ ਉੱਤਰ ਝੂਠਾ ਪੁਲਿਸ ਕੇਸ ਬਣਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਸਰਪੰਚ ਗਗਨਦੀਪ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੂੰ ਕਿਸੇ ਮਿੱਤਰ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਸ ਦੇ ਉੱਪਰ ਕੋਈ ਵੀ ਪਰਚਾ ਹੋ ਸਕਦਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਰਪੰਚ ਗਗਨਦੀਪ ਸਿੰਘ ਨੂੰ ਅਹੁਦੇ ਤੋਂ ਮੁਅੱਤਲ ਕਰਕੇ ਪਿੰਡ ਵਿੱਚ ਪ੍ਰਬੰਧਕ ਵੀ ਲਗਾ ਦਿੱਤਾ ਗਿਆ ਜਿਸ ਦਾ ਜ਼ਿੰਮੇਵਾਰ ਵੀ ਸਰਪੰਚ ਗਗਨਦੀਪ ਸਿੰਘ ਨੇ ਮੌਜੂਦਾ ਵਿਧਾਇਕ ਨੂੰ ਹੀ ਠਹਿਰਾਇਆ ਹੈ। ਸਰਪੰਚ ਗਗਨਦੀਪ ਸਿੰਘ ਨੇ ਕਿਹਾ ਕਿ ਉਸਦੇ ਪਰਿਵਾਰ ਦਾ ਪਿਛੋਕੜ ਅਕਾਲੀ ਪੱਖੀ ਹੈ, ਜਿਸ ਕਰਕੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪਿੰਡ ਸ਼ਹਿਣਾ ਦੀ ਮੌਜੂਦਾ ਸਰਪੰਚ ਦੇ ਬੇਟੇ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਮਾਮਲੇ ਵਿੱਚ ਵੀ ਵਿਧਾਇਕ ਉਗੋਕੇ ‘ਤੇ ਗੰਭੀਰ ਦੋਸ਼ ਲੱਗੇ ਸਨ, ਜਿਸ ਕਰਕੇ ਵਿਧਾਇਕ ਨੂੰ ਕਈ ਦਿਨ ਹਲਕੇ ‘ਚੋਂ ਰੂਪੋਸ਼ ਵੀ ਰਹਿਣਾ ਪਿਆ ਸੀ। ਹੁਣ ਇੱਕ ਹੋਰ ਮੌਜੂਦਾ ਅਕਾਲੀ ਸਰਪੰਚ ਨੇ ਵਿਧਾਇਕ ‘ਤੇ ਦੋਸ਼ ਲਗਾ ਕੇ ਵਿਧਾਇਕ ਦੀ ਕਾਰਜਸ਼ੈਲੀ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ। ਮੌਜੂਦਾ ਅਕਾਲੀ ਸਰਪੰਚ ਗਗਨਦੀਪ ਸਿੰਘ ਦੇ ਦੋਸ਼ਾਂ ਸਬੰਧੀ ਗੱਲਬਾਤ ਕਰਨ ਲਈ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪ੍ਰੰਤੂ ਨਹੀਂ ਹੋ ਸਕਿਆ। ਸਵਾਲ ਉਠਦੇ ਹਨ ਕਿ ਬਦਲਾਅ ਦੀ ਰਾਜਨੀਤੀ ਦਾ ਪੈਗ਼ਾਮ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਉੱਪਰ ਬਦਲਾਖ਼ੋਰੀ ਦੀ ਰਾਜਨੀਤੀ ਦੇ ਦੋਸ਼ ‘ਤੇ ਦੋਸ਼ ਜ਼ਿਲ੍ਹੇ ਵਿੱਚ ਸਮੁੱਚੀ ਪਾਰਟੀ ਦੀ ਕਾਰਜਸ਼ੈਲੀ ਨੂੰ ਹੀ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕਰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਰਪੰਚ ਗਗਨਦੀਪ ਸਿੰਘ ਨੂੰ ਮੁਅੱਤਲ ਕਰਨ ਅਤੇ ਉਸ ਵੇਲੇ ਪਾਈ ਵੀਡੀਓ ਅਨੁਸਾਰ ਉਸ ਨੂੰ ਧਮਕੀਆਂ ਦੇਣ ਦਾ ਮਾਮਲਾ ਹੋਰ ਭਖ ਸਕਦਾ ਹੈ।










