ਚੰਡੀਗੜ੍ਹ ,7 ਜਨਵਰੀ , Gee98 News service-
-ਪੰਜਾਬ ਦੀ ਤਰਜ਼ ‘ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਚੰਡੀਗੜ੍ਹ ਵਿੱਚ ਵੀ ਵੱਖੋ ਵੱਖਰਾ ਰਾਹ ਚੁਣ ਲਿਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਪਹਿਲਾਂ ਹੀ ਗੱਠਜੋੜ ਟੁੱਟ ਗਿਆ ਹੈ, ਗੱਠਜੋੜ ਤੋੜਨ ਦਾ ਐਲਾਨ ਆਮ ਆਦਮੀ ਪਾਰਟੀ ਨੇ ਕੀਤਾ। ਨਗਰ ਨਿਗਮ ਚੰਡੀਗੜ੍ਹ ਵਿੱਚ ਕੌਂਸਲਰਾਂ ਦੀ ਗਿਣਤੀ ਦੇ ਮੌਜੂਦਾ ਹਾਲਾਤਾਂ ਦੇ ਅਨੁਸਾਰ ਹੁਣ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ‘ਤੇ ਭਾਜਪਾ ਦਾ ਕਬਜ਼ਾ ਹੋਣਾ ਲੱਗਭੱਗ ਤੈਅ ਹੈ। ਉੰਝ ਭਾਵੇਂ ਚੰਡੀਗੜ੍ਹ ਦੇ ਆਪ ਇੰਚਾਰਜ ਜਰਨੈਲ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਪ੍ਰਧਾਨ ਮਲਿਕੁਰਜਨ ਖੜਗੇ ਦੀ ਇੱਕ ਫੋਟੋ ਪਾ ਕੇ ਦੋਵੇਂ ਪਾਰਟੀਆਂ ਵਿੱਚ ਗੱਠਜੋੜ ਦਾ ਦੋਸ਼ ਲਗਾ ਕੇ ਚੰਡੀਗੜ੍ਹ ‘ਚ ਆਪਣਾ ਕਾਂਗਰਸ ਨਾਲ ਨਾਤਾ ਤੋੜ ਲਿਆ ਪ੍ਰੰਤੂ ਅਸਲ ਵਿੱਚ ‘ਆਪ ਵੱਲੋਂ ਕਾਂਗਰਸ’ ਨਾਲ ਇਹ ਗੱਠਜੋੜ ਤੋੜਨ ਦੇ ਅਸਲ ਕਾਰਨ ਕੁਝ ਹੋਰ ਹਨ। ਦਰਅਸਲ ਆਮ ਆਦਮੀ ਪਾਰਟੀ ਦੇ ਦੋ ਕੌਂਸਲਰ ਕੁਝ ਦਿਨ ਪਹਿਲਾਂ ਹੀ ਆਪ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਆਪ ਦੇ ਤਿੰਨ ਹੋਰ ਕੌਂਸਲਰਾਂ ਦੀ ਪਾਰਟੀ ਨਾਲ ਨਰਾਜ਼ਗੀ ਦੀ ਚਰਚਾ ਸਾਹਮਣੇ ਆ ਰਹੀ ਸੀ। ਕਾਂਗਰਸ ਤੇ ਆਪ ਦੇ ਗੱਠਜੋੜ ਦੀਆਂ ਸ਼ਰਤਾਂ ਅਨੁਸਾਰ ਮੇਅਰ ਦਾ ਅਹੁਦਾ ਆਮ ਆਦਮੀ ਪਾਰਟੀ ਦੇ ਕੋਟੇ ਵਿੱਚ ਸੀ ਪਰੰਤੂ ਆਪ ਵੱਲੋਂ ਮੇਅਰ ਦੇ ਚਿਹਰੇ ਦਾ ਐਲਾਨ ਕਰਨ ਤੋਂ ਬਾਅਦ ਵੀ ਕੌਂਸਲਰਾਂ ਵਿੱਚ ਬਗਾਵਤ ਦਾ ਡਰ ਸੀ ਜਿਸ ਕਰਕੇ ਆਪ ਨੇ ਗੱਠਜੋੜ ਤੋੜਨਾ ਹੀ ਬਿਹਤਰ ਸਮਝਿਆ। ਚੰਡੀਗੜ੍ਹ ‘ਚ ਕਾਂਗਰਸ ਨਾਲੋਂ ਗੱਠਜੋੜ ਤੋੜਨ ਦਾ ਇੱਕ ਦੂਜਾ ਕਾਰਨ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਕਰੀਬ ਦੋ ਕੁ ਮਹੀਨੇ ਬਾਅਦ ਚੰਡੀਗੜ੍ਹ ਦੀ ਬੁੱਕਲ ‘ਚ ਵਸੇ ਨਗਰ ਨਿਗਮ ਮੋਹਾਲੀ ਵਿੱਚ ਵੀ ਚੋਣਾਂ ਹੋਣ ਜਾ ਰਹੀਆਂ ਹਨ ਜੇਕਰ ਚੰਡੀਗੜ੍ਹ ‘ਚ ਦੋਵੇਂ ਪਾਰਟੀਆਂ ਦਾ ਗੱਠਜੋੜ ਹੋਵੇਗਾ ਤਾਂ ਮੋਹਾਲੀ ਵਿੱਚ ਵੋਟਾਂ ਮੰਗਣੀਆਂ ਔਖੀਆਂ ਹੋ ਜਾਣਗੀਆਂ। ਕਾਂਗਰਸ ਅਤੇ ਆਪ ਨੂੰ ਡਰ ਸੀ ਕਿ ਵੋਟਰਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਕਿ ਮੋਹਾਲੀ ਦੇ ਗਵਾਂਢ ਚੰਡੀਗੜ੍ਹ ‘ਚ ਦੋਵੇਂ ਪਾਰਟੀਆਂ ਦਾ ਗੱਠਜੋੜ ਹੈ ਅਤੇ ਮੋਹਾਲੀ ‘ਚ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਖਿਲਾਫ਼ ਲੜ ਰਹੀਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਇਹ ਗੱਠਜੋੜ ਟੁੱਟਣ ਦਾ ਇੱਕ ਹੋਰ ਕਾਰਨ ਵੀ ਸਾਹਮਣੇ ਆ ਰਿਹਾ ਹੈ ਕਿ ਪੰਜਾਬ ‘ਚ ਅਗਲੇ ਵਰ੍ਹੇ ਫਰਵਰੀ 2017 ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਪੰਜਾਬ ‘ਚ ਇਹ ਸਾਲ ਚੋਣ ਵਰ੍ਹੇ ਵਜੋਂ ਸ਼ੁਰੂ ਹੋ ਚੁੱਕਿਆ ਹੈ। ਇੱਥੇ ਦੋਵੇਂ ਪਾਰਟੀਆਂ ਇੱਕ ਦੂਜੇ ‘ਤੇ ਤਾਬੜਤੋੜ ਹਮਲੇ ਕਰ ਰਹੀਆਂ ਹਨ। ਪੰਜਾਬ ‘ਚ ਮੁਕਾਬਲਾ ਵੀ ਆਪ ਤੇ ਕਾਂਗਰਸ ਦਾ ਹੀ ਮੰਨਿਆ ਜਾ ਰਿਹਾ ਹੈ। ਜੇਕਰ ਚੰਡੀਗੜ੍ਹ ‘ਚ ਦੋਵੇਂ ਪਾਰਟੀਆਂ ਇਕੱਠੀਆਂ ਰਹਿੰਦੀਆਂ ਤਾਂ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਧਿਰਾਂ ਦੇ ਸਵਾਲਾਂ ਦਾ ਜਵਾਬ ਵੀ ਦੇਣਾ ਪੈਣਾ ਸੀ। ਚੌਥਾ ਅਤੇ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਨਗਰ ਨਿਗਮ ਦਾ ਇਹ ਪੰਜਵਾਂ ਸਾਲ ਹੈ ਅਤੇ ਇਸੇ ਸਾਲ ਦੇ ਅਖੀਰ ਵਿੱਚ ਵੀ ਉੱਥੇ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ। ਜੇਕਰ ਹੁਣ ਮੇਅਰ ਕਾਂਗਰਸ-ਆਪ ਦੇ ਗੱਠਜੋੜ ਦਾ ਬਣਦਾ ਤਾਂ ਉਸ ਦੇ ਕਾਰਜਕਾਲ ਦੌਰਾਨ ਹੀ ਚੋਣਾਂ ਹੋਣੀਆਂ ਸਨ ਕਿਉਂਕਿ ਮੇਅਰ ਆਪ ਦੇ ਕੋਟੇ ਤੋਂ ਬਣਨਾ ਸੀ ਅਤੇ ਕਾਂਗਰਸ ਪਹਿਲਾਂ ਹੀ ਇਹ ਐਲਾਨ ਕਰ ਚੁੱਕੀ ਹੈ ਕਿ ਉਹ ਨਗਰ ਨਿਗਮ ਦੀ ਅਗਲੀ ਚੋਣ ਇਕੱਲੇ ਤੌਰ ‘ਤੇ ਲੜੇਗੀ, ਅਜਿਹੇ ਹਾਲਾਤਾਂ ‘ਚ ਦੋਵੇਂ ਪਾਰਟੀਆਂ ਨੂੰ ਚੰਡੀਗੜ੍ਹ ਦੇ ਵੋਟਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਣਾ ਸੀ ਕਿ ਜਦੋਂ ਦੋਵੇਂ ਪਾਰਟੀਆਂ ਮੇਅਰ ਦੀ ਚੋਣ ਵੇਲੇ ਇਕੱਠੀਆਂ ਹੁੰਦੀਆਂ ਹਨ ਤਾਂ ਕੌਂਸਲਰਾਂ ਦੀ ਚੋਣ ਵੱਖ-ਵੱਖ ਕਿਉਂ ਲੜਦੀਆਂ ਹਨ ? ਅਜਿਹੇ ਹੀ ਹਾਲਾਤਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ‘ਚ ਕਾਂਗਰਸ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ, ਜਿਸ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ ਦੇ ਤਿੰਨੇ ਚੋਟੀ ਦੇ ਅਹੁਦਿਆਂ ‘ਤੇ ਭਾਜਪਾ ਦਾ ਕਬਜ਼ਾ ਹੋਣ ਦੇ ਆਸਾਰ ਬਣ ਗਏ ਹਨ ਕਿਉਂਕਿ ਭਾਜਪਾ ਕੋਲੇ ਇਸ ਵੇਲੇ 18 ਕੌਂਸਲਰ ਹਨ, ਆਮ ਆਦਮੀ ਪਾਰਟੀ ਕੋਲ 11 ਕੌਸਲਰ ਅਤੇ ਕਾਂਗਰਸ ਕੋਲ 6 ਕੌਂਸਲਰ ਹਨ ਤੇ ਇੱਕ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦੀ ਵੋਟ ਸਮੇਤ ਕਾਂਗਰਸ ਕੋਲ 7 ਵੋਟਾਂ ਹਨ। ਕੌਂਸਲਰਾਂ ਦੀ ਇਸ ਗਿਣਤੀ ਮਿਣਤੀ ਦੇ ਹਿਸਾਬ ਨਾਲ ਹਰ ਖੇਤਰ ਵਿੱਚ ਭਾਜਪਾ ਦਾ ਹੱਥ ਦੋਵੇਂ ਪਾਰਟੀਆਂ ਤੋਂ ਉੱਪਰ ਹੈ।










