ਚੰਡੀਗੜ੍ਹ,7 ਜਨਵਰੀ, Gee98 News service-
-ਪੰਜਾਬ ਦੇ ਐਸਸੀ ਕਮਿਸ਼ਨ ਨੇ ਆਪਣੇ ਹੁਕਮਾਂ ਦੇ ਬਾਵਜੂਦ ਵੀ ਕਾਰਵਾਈ ਨਾ ਕਰਨ ਵਾਲੇ ਪਟਿਆਲਾ ਦੇ ਐਸਪੀ ਅਤੇ ਡੀਐਸਪੀ ਨੂੰ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੇ ਦੱਸਿਆ ਕਿ ਪਿੰਡ ਬਲਬੇੜਾ ਦੇ ਰਾਮ ਪ੍ਰਸਾਦ ਨਾਮ ਦੇ ਇੱਕ ਵਿਅਕਤੀ ਨੇ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹਦਾ ਬੇਟਾ ਗੁਰਤੇਜ ਸਿੰਘ ਇੱਕ ਦੁਕਾਨ ‘ਤੇ ਕੰਮ ਕਰਦਾ ਸੀ,ਜੋ 23 ਦਸੰਬਰ ਨੂੰ ਘਰ ਤੋਂ ਕੰਮ ‘ਤੇ ਗਿਆ ਪਰ ਸਵੇਰੇ 11 ਵਜੇ ਉਸਨੂੰ ਫੋਨ ਆਇਆ ਕਿ ਗੁਰਤੇਜ ਦੀ ਮੌਤ ਹੋ ਗਈ ਹੈ, ਇਸ ਸਬੰਧੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਮ੍ਰਿਤਕ ਗੁਰਤੇਜ ਸਿੰਘ ਦੀ ਲਾਸ਼ ਨੂੰ ਸਿਵਿਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਰਾਮ ਪ੍ਰਸਾਦ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਇਸ ਮਾਮਲੇ ‘ਚ ਸਿਵਲ ਲਾਈਨਜ਼ ਪਟਿਆਲਾ ਦੀ ਪੁਲਿਸ ਨੇ ਅਗਲੇਰੀ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਅੰਤਿਮ ਸਸਕਾਰ ਕਰਨ ਲਈ ਕਹਿ ਦਿੱਤਾ ਗਿਆ। ਜਦੋਂ ਰਾਮ ਪ੍ਰਸਾਦ ਨੇ ਆਪਣੇ ਬੇਟੇ ਗੁਰਤੇਜ ਸਿੰਘ ਦੀ ਲਾਸ਼ ਦੇਖੀ ਤਾਂ ਉਹ ਅੱਗ ਨਾਲ ਬੁਰੀ ਤਰ੍ਹਾਂ ਝੁਲਸਿਆ ਹੋਇਆ ਸੀ, ਇਸ ਮਾਮਲੇ ਸਬੰਧੀ ਪਹਿਲਾਂ ਕਮਿਸ਼ਨ ਨੇ ਸੁਣਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੂੰ ਅਗਲੇਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਡੀਐਸਪੀ ਸਤਨਾਮ ਸਿੰਘ ਨੂੰ 14 ਜਨਵਰੀ ਨੂੰ ਤਲਬ ਕੀਤਾ ਗਿਆ ਹੈ। ਚੇਅਰਮੈਨ ਗੜੀ ਨੇ ਦੱਸਿਆ ਕਿ ਇੱਕ ਹੋਰ ਮਾਮਲੇ ‘ਚ ਪਿੰਡ ਧਾਮੋਮਾਜਰਾ ਦੀ ਸੁਖਦੀਪ ਕੌਰ ਨਾਲ ਸੰਬੰਧਿਤ ਇੱਕ ਕੇਸ ਵਿੱਚ ਪੁਲਿਸ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਐਸਪੀ (PBI) ਸਵਰਨਜੀਤ ਕੌਰ ਨੂੰ ਵੀ 14 ਜਨਵਰੀ ਨੂੰ ਤਲਬ ਕੀਤਾ ਗਿਆ ਹੈ।










