ਚੰਡੀਗੜ੍ਹ,9 ਜਨਵਰੀ, Gee98 News service-
-ਪੰਜਾਬ ਸਰਕਾਰ ਨੇ ਵਹੀਕਲਾਂ ਦੀਆਂ ਹਾਈ ਸਿਕਉਰਿਟੀ ਨੰਬਰ ਪਲੇਟਾਂ ਸਬੰਧੀ ਜ਼ਰੂਰੀ ਹੁਕਮ ਜਾਰੀ ਕੀਤੇ ਹਨ। ਪੰਜਾਬ ‘ਚ ਹੁਣ ਵਹੀਕਲਾਂ ਦੀਆਂ ਹਾਈ ਸਿਕਉਰਟੀ ਨੰਬਰ ਪਲੇਟਾਂ ਲਗਵਾਉਣ ਲਈ ਆਨਲਾਈਨ ਅਪਲਾਈ ਕਰਨਾ ਪਵੇਗਾ। ਹੁਣ ਵਹੀਕਲ ਦੇ ਮਾਲਕਾਂ ਨੂੰ ਇਸ ਕੰਮ ਦੇ ਲਈ ਟਰਾਂਸਪੋਰਟ ਦਫ਼ਤਰ ਜਾਂ ਸੁਵਿਧਾ ਕੇਂਦਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਸਰਕਾਰ ਨੇ ਇਹ ਵੀ ਨਵੇਂ ਹੁਕਮ ਜਾਰੀ ਕੀਤੇ ਹਨ ਕਿ 1 ਅਪ੍ਰੈਲ 2019 ਤੋਂ ਪਹਿਲਾਂ ਵਾਲੇ ਵਹੀਕਲਾਂ ਦੀ ਰਜਿਸਟਰੇਸ਼ਨ ਪ੍ਰਕਿਰਿਆ ਵੀ ਹੁਣ ਆਨਲਾਈਨ ਹੀ ਹੋਵੇਗੀ। ਦਰਅਸਲ ਸਰਕਾਰ ਨੇ ਇਹ ਸਾਰਾ ਕੰਮ ਹੁਣ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਹੈ। ਸਰਕਾਰ ਨੇ ਹੁਣ ਇਹ ਜ਼ਿੰਮੇਵਾਰੀ ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂੰਫੈਕਚਰਜ (SIAM) ਨੂੰ ਦੇ ਦਿੱਤੀ ਹੈ। ਹੁਣ ਲੋਕਾਂ ਨੂੰ ਆਪਣੇ ਵਹੀਕਲਾਂ ‘ਤੇ ਹਾਈ ਸਿਕਉਰਟੀ ਨੰਬਰ ਪਲੇਟ ਲਗਵਾਉਣ ਲਈ SIAM ਦੀ ਵੈਬਸਾਈਟ www.siam.in ‘ਤੇ ਜਾ ਕੇ ਵਹੀਕਲ ਦੀ ਰਜਿਸਟਰੇਸ਼ਨ ਪ੍ਰਕਿਰਿਆ ਪੂਰੀ ਕਰਨੀ ਪਵੇਗੀ ਜਿਸ ਤੋਂ ਬਾਅਦ ਵਿਭਾਗ ਦੇ ਵੱਲੋਂ ਇੱਕ ਤਾਰੀਕ ਦਿੱਤੀ ਜਾਵੇਗੀ ਅਤੇ ਨਿਸ਼ਚਿਤ ਤਾਰੀਕ ‘ਤੇ ਨੰਬਰ ਪਲੇਟ ਲਗਵਾਉਣ ਲਈ ਬੁਲਾਇਆ ਜਾਵੇਗਾ। ਆਨਲਾਈਨ ਅਪਲਾਈ ਕਰਨ ਵੇਲੇ ਵਹੀਕਲ ਦਾ ਰਜਿਸਟਰੇਸ਼ਨ ਸਰਟੀਫਿਕੇਟ, ਬੀਮੇ ਦਾ ਪ੍ਰਮਾਣ ਪੱਤਰ ਅਤੇ ਆਪਣਾ ਪਹਿਚਾਣ ਪੱਤਰ ਜਿਵੇਂ ਆਧਾਰ ਕਾਰਡ, ਪੈਨ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਪਵੇਗੀ। ਵਿਭਾਗ ਨੇ ਲੋਕਾਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਹਾਈ ਸਿਕਿਉਰਟੀ ਨੰਬਰ ਪਲੇਟਾਂ ਲਗਵਾਉਣ ਲਈ ਕਿਸੇ ਵੀ ਏਜੰਟ ਦੇ ਝਾਂਸੇ ਵਿੱਚ ਨਾ ਆਉਣ ਕਿਉਂਕਿ ਇਹ ਪੂਰੀ ਪ੍ਰਕਿਰਿਆ ਪਾਰਦਰਸ਼ੀ ਅਤੇ ਆਨਲਾਈਨ ਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਭਵਿੱਖ ‘ਚ ਜਿਹੜੇ ਵਹੀਕਲ ‘ਤੇ ਹਾਈ ਸਿਕਿਉਰਟੀ ਨੰਬਰ ਪਲੇਟ ਨਹੀਂ ਲੱਗੀ ਹੋਵੇਗੀ ਉਸ ਦੇ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।










