ਬਰਨਾਲਾ,9 ਜਨਵਰੀ ( ਨਿਰਮਲ ਸਿੰਘ ਪੰਡੋਰੀ)-
-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸੂਬਾ ਪੱਧਰ ‘ਤੇ ਵਪਾਰੀ ਕਮਿਸ਼ਨ ਦਾ ਗਠਨ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਜ਼ਿਲਾ ਪੱਧਰ ‘ਤੇ ਵੀ ਵਪਾਰੀ ਕਮਿਸ਼ਨ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਇੱਕ ਲੰਮੀ ਚੌੜੀ ਸੂਚੀ ਪੰਜਾਬ ਦੇ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੇ ਐਡਮਿਨਿਸਟਰੇਟਿਵ ਸਕੱਤਰ ਅਜੀਤ ਬਾਲਾਜੀ ਜੋਸ਼ੀ ਦੇ ਦਸਤਖ਼ਤਾਂ ਹੇਠ ਜਾਰੀ ਕੀਤੀ ਗਈ ਜਿਸ ਤਹਿਤ ਬਰਨਾਲਾ ਜ਼ਿਲ੍ਹੇ ਵਿੱਚ ਸ੍ਰੀ ਰਾਜੀਵ ਗੁਪਤਾ ਲੂਬੀ ਨੂੰ ਵਪਾਰੀ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਪਾਰੀ ਕਮਿਸ਼ਨ ਬਰਨਾਲਾ ਦੇ ਮੈਂਬਰਾਂ ਦੀ ਸੂਚੀ ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਸ੍ਰੀ ਸੰਦੀਪ ਜਿੰਦਲ, ਭਦੌੜ ਹਲਕੇ ਤੋਂ ਸ੍ਰੀ ਮਨੀਸ਼ ਗਰਗ ਅਤੇ ਮਹਿਲ ਕਲਾਂ ਹਲਕੇ ਤੋਂ ਸ੍ਰੀ ਗੁਰੀ ਔਲਖ ਨੂੰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਆਪਣੀ ਨਿਯੁਕਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸ੍ਰੀ ਰਾਜੀਵ ਗੁਪਤਾ ਲੂਬੀ ਨੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਵਪਾਰੀਆਂ ਦੀ ਹਰ ਸਮੱਸਿਆ ਦੇ ਹੱਲ ਲਈ ਯੋਗ ਪਲੇਟਫਾਰਮ ‘ਤੇ ਹਮੇਸ਼ਾ ਯਤਨਸ਼ੀਲ ਰਹਿਣਗੇ।










