ਚੰਡੀਗੜ੍ਹ,13 ਜਨਵਰੀ, Gee98 News service-
-ਡੇਰਾ ਸੱਚਾ ਸੌਦਾ ਸਿਰਸਾ ਵਿਖੇ ਸ਼ਾਹ ਸਤਨਾਮ ਜੀ ਦੇ ਜਨਮ ਮਹੀਨੇ ਦੀ ਖੁਸ਼ੀ ਦੇ ਸਬੰਧ ਵਿੱਚ ਡੇਰੇ ਵੱਲੋਂ ਮਾਨਵਤਾ ਭਲਾਈ ਲਈ ਸ਼ੁਰੂ ਕੀਤੀ ਸਮਾਜਸੇਵੀ ਕਾਰਜਾਂ ਦੀ ਲੜੀ ਤਹਿਤ ਸ਼ਾਹ ਸਤਨਾਮ ਜੀ ਸਪੈਸਲਿਟੀ ਹਸਪਤਾਲ ਵਿੱਚ ਮੁਫਤ ਸਿਹਤ ਜਾਂਚ ਕੈਂਪ ਦਾ ਸ਼ੁਭ ਆਰੰਭ ਕੀਤਾ ਗਿਆ। ਡੇਰੇ ਦੇ ਮੌਜੂਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਨਿਰਦੇਸ਼ਾਂ ਤਹਿਤ ਸੋਮਵਾਰ ਇਸ ਕੈਂਪ ਦੇ ਪਹਿਲੇ ਦਿਨ ਕੰਨ, ਨੱਕ ਅਤੇ ਗਲੇ ਨਾਲ ਸਬੰਧਿਤ ਰੋਗਾਂ ਦੇ ਮਰੀਜ਼ਾਂ ਦੀ ਮਾਹਿਰ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ ਜਿਸ ਦਾ ਸੈਂਕੜੇ ਲੋਕਾਂ ਨੇ ਫਾਇਦਾ ਉਠਾਇਆ। ਡੇਰੇ ਦੇ ਮੁੱਖ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਮੁਫਤ ਸਿਹਤ ਜਾਂਚ ਕੈਂਪ ਸ਼ਾਹ ਸਤਨਾਮ ਜੀ ਦੇ ਜਨਮ ਦਿਹਾੜੇ ਸਬੰਧ ਵਿੱਚ ਹਰ ਸਾਲ ਲਗਾਇਆ ਜਾਂਦਾ ਹੈ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ਾਂ ਦਾ ਚੈੱਕ ਅਪ ਕੀਤਾ ਜਾਂਦਾ ਹੈ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਸੋਮਵਾਰ ਇਸ ਕੈਂਪ ਦੇ ਪਹਿਲੇ ਦਿਨ ਈਐਨਟੀ ਮਾਹਿਰ ਡਾਕਟਰ ਸਰਲ ਆਹੂਜਾ, ਡਾਕਟਰ ਸੁਮਿਤ ਸਮੇਤ ਸ਼ਾਹ ਸਤਨਾਮ ਜੀ ਸੁਪਰਸਪੈਸਲਿਟੀ ਹਸਪਤਾਲ ਦੇ ਪੈਰਾਮੈਡੀਕਲ ਸਟਾਫ਼ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਮਾਹਿਰ ਡਾਕਟਰਾਂ ਵੱਲੋਂ ਲੋੜਵੰਦ ਮਰੀਜ਼ਾਂ ਦੀ ਜਾਂਚ ਕਰਕੇ ਉਚਿਤ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ। ਡੇਰੇ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਇਸ ਮੁਫ਼ਤ ਸਿਹਤ ਜਾਂਚ ਕੈਂਪ ਦਾ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋੜਵੰਦ ਲੋਕ ਫਾਇਦਾ ਉਠਾਉਂਦੇ ਹਨ। ਡੇਰੇ ਦੇ ਮੁੱਖ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਨੇ ਦੱਸਿਆ ਕਿ ਇਹ ਮੁਫ਼ਤ ਸਿਹਤ ਜਾਂਚ ਕੈਂਪ ਡੇਰਾ ਸੱਚਾ ਸੌਦਾ ਵੱਲੋਂ ਸੰਚਾਲਿਤ 170 ਮਾਨਵ ਕਲਿਆਣ ਕਾਰਜਾਂ ਦੀ ਲੜੀ ਦਾ ਹੀ ਹਿੱਸਾ ਹੈ ਜਿਸ ਤਹਿਤ ਆਧੁਨਿਕ ਤਰੀਕੇ ਨਾਲ ਮੁਫ਼ਤ ਇਲਾਜ ਅਤੇ ਜਾਂਚ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਮਹਿੰਗਾਈ ਦੇ ਅਜੋਕੇ ਦੌਰ ਵਿੱਚ ਇਹ ਮੁਫ਼ਤ ਸਿਹਤ ਜਾਂਚ ਕੈਂਪ ਲੋੜਵੰਦ ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਪੂਰਾ ਹਫ਼ਤਾ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਜਿਵੇਂ 13 ਜਨਵਰੀ ਮੰਗਲਵਾਰ ਨੂੰ ਦੰਦਾਂ ਸਬੰਧੀ ਰੋਗ, 14 ਜਨਵਰੀ ਬੁੱਧਵਾਰ ਨੂੰ ਹੱਡੀਆਂ ਸਬੰਧੀ, 15 ਜਨਵਰੀ ਵੀਰਵਾਰ ਨੂੰ ਇਸਤਰੀ ਰੋਗਾਂ ਸਬੰਧੀ, 16 ਜਨਵਰੀ ਸ਼ੁਕਰਵਾਰ ਨੂੰ ਦਿਲ ਦੇ ਰੋਗਾਂ ਸਬੰਧੀ ਅਤੇ 17 ਜਨਵਰੀ ਸ਼ਨੀਵਾਰ ਨੂੰ ਗਠੀਆ (ਜੋੜਾਂ ਦੇ ਦਰਦ) ਸਬੰਧੀ ਜਾਂਚ ਕੀਤੀ ਜਾਵੇਗੀ।











