ਬਰਨਾਲਾ,13 ਜਨਵਰੀ, (ਨਿਰਮਲ ਸਿੰਘ ਪੰਡੋਰੀ)-
-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ‘ਤੇ ਆਮ ਆਦਮੀ ਪਾਰਟੀ ਫਿਰਕੂ ਰਾਜਨੀਤੀ ਕਰ ਰਹੀ ਹੈ, ਜਿਸ ਦਾ ਇੱਕੋ ਇੱਕ ਏਜੰਡਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨਾ ਹੀ ਹੈ। ਪੰਜਾਬ ਦੀ ਸੱਤਾਧਾਰੀ ਪਾਰਟੀ ‘ਤੇ ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਲਗਾਏ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ 328 ਸਰੂਪਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਦੋਸ਼ੀ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ ਪ੍ਰੰਤੂ ਆਮ ਆਦਮੀ ਪਾਰਟੀ ਪੰਜਾਬ ‘ਚ ਆਪਣੀ ਸੱਤਾ ਦੇ ਜ਼ੋਰ ‘ਤੇ ਬੇਅਦਬੀ ਦੀਆਂ ਘਟਨਾਵਾਂ ਵਾਂਗ ਸਿਆਸੀ ਲਾਹਾ ਲੈਣ ਲਈ 328 ਸਰੂਪਾਂ ਦੇ ਮਾਮਲੇ ਦਾ ਵੀ ਸਿਆਸੀਕਰਨ ਕਰ ਰਹੀ ਹੈ। ਐਡਵੋਕੇਟ ਰਾਹੀ ਨੇ ਕਿਹਾ ਕਿ ਆਪ ਸਰਕਾਰ ਇਸ ਮਾਮਲੇ ‘ਚ ਦੋਹਰੀ ਰਾਜਨੀਤੀ ਕਰ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਨੇ ਸਿੱਟ ਬਣਾ ਕੇ ਮੁਕੱਦਮਾ ਦਰਜ ਕੀਤਾ ਪ੍ਰੰਤੂ ਦੂਜੇ ਪਾਸੇ ਮੁਕੱਦਮੇ ਵਿੱਚ ਨਾਮਜ਼ਦ ਜਸਪ੍ਰੀਤ ਸਿੰਘ ਨੂੰ ਅਜੇ ਤੱਕ ਗ੍ਰਿਫ਼ਤਾਰ ਕਰਨਾ ਦੂਰ ਦੀ ਗੱਲ ਸਗੋਂ ਬੁਲਾਇਆ ਤੱਕ ਵੀ ਨਹੀਂ ਗਿਆ ਜਦਕਿ ਜਸਪ੍ਰੀਤ ਸਿੰਘ 328 ਸਰੂਪਾਂ ਦੇ ਮਾਮਲੇ ਵਿੱਚ ਹੋਈ ਵਿੱਤੀ ਘਪਲੇਬਾਜ਼ੀ ਦਾ ਮੁੱਖ ਦੋਸ਼ੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਜਸਪ੍ਰੀਤ ਸਿੰਘ ਨੂੰ ਪਾਰਟੀ ਅਤੇ ਸਰਕਾਰ ਵਿੱਚ ਚੰਗੇ ਅਹਦਿਆਂ ਨਾਲ ਨਿਵਾਜਿਆ ਪ੍ਰੰਤੂ ਦੂਜੇ ਪਾਸੇ ਪਾਰਟੀ ਇਸ ਮਾਮਲੇ ‘ਚ ਇਨਸਾਫ਼ ਦੀਆਂ ਗੱਲਾਂ ਕਰ ਰਹੀ ਹੈ। ਐਡਵੋਕੇਟ ਰਾਹੀ ਨੇ ਕਿਹਾ ਕਿ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿੱਚ ਆਪ ਦੇ ਦਿੱਲੀ ਦੇ ਆਗੂ ਨਰੇਸ਼ ਯਾਦਵ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ, ਜਿਸ ਨੂੰ ਬਚਾਉਣ ਲਈ ਉਸ ਵੇਲੇ ਉਸ ਦੇ ਵਕੀਲਾਂ ਹਰਪਾਲ ਸਿੰਘ ਚੀਮਾ ਅਤੇ ਹਰਜੋਤ ਸਿੰਘ ਬੈਂਸ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਤੇ ਪੰਜਾਬ ‘ਚ ਸਰਕਾਰ ਬਣਨ ਤੋਂ ਬਾਅਦ ਉਹਦੇ ਖ਼ਿਲਾਫ਼ ਕੇਸ ਵਾਪਸ ਲੈਣ ਦੀ ਕੋਝੀ ਹਰਕਤ ਵੀ ਕੀਤੀ ਜਿਸ ਨੂੰ ਮਾਨਯੋਗ ਅਦਾਲਤ ਨੇ ਕਾਮਯਾਬ ਨਹੀਂ ਹੋਣ ਦਿੱਤਾ ਅਤੇ ਨਰੇਸ਼ ਯਾਦਵ ਨੂੰ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਦੋਸ਼ੀ ਮੰਨਦੇ ਹੋਏ ਸਜ਼ਾ ਸੁਣਾਈ। ਐਡਵੋਕੇਟ ਰਾਹੀ ਨੇ ਕਿਹਾ ਕਿ ਨਰੇਸ਼ ਯਾਦਵ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਕਿਹੜੇ ਮੂੰਹ ਨਾਲ ਬੇਅਦਬੀ ਦੀਆਂ ਘਟਨਾਵਾਂ ਅਤੇ 328 ਸਰੂਪਾਂ ਦੇ ਮਾਮਲੇ ਵਿੱਚ ਇਨਸਾਫ਼ ਦੀਆਂ ਦਲੀਲਾਂ ਦੇ ਰਹੀ ਹੈ ਜਦਕਿ ਇਸ ਦੇ ਆਪ ਦੇ ਆਗੂਆਂ ਦੇ ਹੱਥ ਬੇਅਦਬੀ ਦੇ ਨਾਲ ਰੰਗੇ ਹੋਏ ਹਨ। ਉਹਨਾਂ ਕਿਹਾ ਕਿ ਪੰਜਾਬ ‘ਚ ਪਹਿਲਾਂ ਵੀ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣਦੀਆਂ ਆ ਰਹੀਆਂ ਹਨ ਪਰੰਤੂ ਬੇਅਦਬੀ ਦੀ ਘਟਨਾ ਕਦੇ ਵੀ ਨਹੀਂ ਵਾਪਰੀ ਜਦੋਂ ਰਾਜਨੀਤੀ ‘ਚ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਉਸ ਵੇਲੇ ਤੋਂ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ। ਐਡਵੋਕੇਟ ਰਾਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਦਾ ਸਿਰਫ਼ ਇੱਕੋ ਏਜੰਡਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੂੰ ਕਿਸੇ ਵੀ ਤਰੀਕੇ ਨਾਲ ਉਲਝਾ ਕੇ ਗ੍ਰਿਫ਼ਤਾਰ ਕੀਤਾ ਜਾਵੇ ਪਰ ਆਪ ਸਰਕਾਰ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜੇਕਰ ਉਸਨੇ ਪਾਰਟੀ ਦੇ ਕਿਸੇ ਵੀ ਵੱਡੇ ਛੋਟੇ ਆਗੂ ਨੂੰ ਝੂਠੇ ਮੁਕੱਦਮੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਇਸਦਾ ਮੂੰਹ ਤੋੜ ਜਵਾਬ ਦੇਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ, ਬਲਦੇਵ ਸਿੰਘ ਚੁੰਘਾਂ ਮੈਂਬਰ ਸ਼੍ਰੋਮਣੀ ਕਮੇਟੀ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਸ਼ਹਿਰੀ ਪ੍ਰਧਾਨ, ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ, ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾਂ, ਕੁਲਵੰਤ ਸਿੰਘ ਜਗਦੇ, ਧਰਮਿੰਦਰ ਘੜੀਆਂਵਾਲਾ, ਜਸਪ੍ਰੀਤ ਸਿੰਘ ਜੱਸਾ, ਬੀਰੲਇੰਦਰ ਸਿੰਘ ਜ਼ੈਲਦਾਰ,ਬੀਬੀ ਬੇਅੰਤ ਕੌਰ ਅਤੇ ਰਣਦੀਪ ਸਿੰਘ ਢਿੱਲਵਾਂ ਆਦਿ ਵੀ ਹਾਜ਼ਰ ਸਨ।










