ਚੰਡੀਗੜ੍ਹ,14 ਜਨਵਰੀ, Gee98 news service-
-ਅਦਾਲਤ ਵਿੱਚ ਪੇਸ਼ੀ ‘ਤੇ ਲਿਆਂਦੇ ਕਿਸੇ ਦੋਸ਼ੀ ਦਾ ਪੁਲਿਸ ਕਰਮਚਾਰੀ ਨੂੰ ਧੱਕਾ ਦੇ ਕੇ ਜਾਂ ਚਕਮਾਂ ਦੇ ਕੇ ਫਰਾਰ ਹੋ ਜਾਣ ਦੀਆਂ ਘਟਨਾਵਾਂ ਤਾਂ ਅਕਸਰ ਸਾਹਮਣੇ ਆਉਂਦੀਆਂ ਹਨ ਪਰੰਤੂ ਪੁਲਿਸ ਕਰਮਚਾਰੀਆਂ ਨੂੰ ਬੰਨ੍ਹ ਕੇ ਦੋਸ਼ੀਆਂ ਦੇ ਫਰਾਰ ਹੋਣ ਦੀ ਹੈਰਾਨੀਜਨਕ ਘਟਨਾ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜਿਲੇ ਦੇ ਥਾਣਾ ਝੰਡੇਰ ਦੀ ਪੁਲਿਸ ਤਿੰਨ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲੈ ਕੇ ਆਈ ਸੀ ਜਦ ਪੇਸ਼ੀ ਤੋਂ ਬਾਅਦ ਵਾਪਸ ਉਹਨਾਂ ਨੂੰ ਥਾਣੇ ਪੁਲਿਸ ਗੱਡੀ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਪੁਲਿਸ ਗੱਡੀ ਦਾ ਡਰਾਈਵਰ ਪੁਲਿਸ ਕਰਮਚਾਰੀ ਪਿਸ਼ਾਬ ਕਰਨ ਉਤਰਿਆ ਤੇ ਚਾਬੀ ਗੱਡੀ ਵਿੱਚ ਹੀ ਛੱਡ ਗਿਆ। ਗੱਡੀ ਵਿੱਚ ਸਵਾਰ ਤਿੰਨ ਦੋਸ਼ੀਆਂ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਗੱਡੀ ਵਿੱਚ ਬੈਠੇ ਦੂਜੇ ਪੁਲਿਸ ਕਰਮਚਾਰੀਆਂ ‘ਤੇ ਹਮਲਾ ਕਰ ਦਿੱਤਾ ਅਤੇ ਇੱਕ ਦੋਸ਼ੀ ਨੇ ਡਰਾਈਵਰ ਸੀਟ ‘ਤੇ ਬੈਠ ਕੇ ਗੱਡੀ ਭਜਾ ਲਈ, ਹੈਰਾਨੀ ਦੀ ਗੱਲ ਇਹ ਕਿ ਦੂਸਰੀਆਂ ਨੇ ਗੱਡੀ ਵਿਚਲੇ ਪੁਲਿਸ ਕਰਮਚਾਰੀਆਂ ਨੂੰ ਗੱਡੀ ਵਿੱਚ ਹੀ ਬੰਨ੍ਹ ਦਿੱਤਾ ਪ੍ਰੰਤੂ ਫਿਰ ਵੀ ਬੰਨੇ ਹੋਏ ਪੁਲਿਸ ਕਰਮਚਾਰੀ ਦੋਸ਼ੀਆਂ ਨਾਲ ਗੱਡੀ ਵਿੱਚ ਹੱਥੋਪਾਈ ਕਰਦੇ ਰਹੇ ਅਤੇ ਇਸੇ ਹੱਥੋਂਪਾਈ ਦੌਰਾਨ ਹੀ ਗੱਡੀ ਚਲਾ ਰਹੇ ਦੋਸ਼ੀ ਤੋਂ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪੁਲਿਸ ਦੀ ਗੱਡੀ ਸਾਹਮਣੇ ਜਾ ਰਹੀ ਇਨੋਵਾ ਕਾਰ ਦੇ ਵਿੱਚ ਲੱਗੀ। ਇਹ ਟੱਕਰ ਐਨੀ ਜ਼ਬਰਦਸਤ ਸੀ ਕਿ ਪੁਲਿਸ ਦੀ ਗੱਡੀ ਦੇ ਏਅਰ ਬੈਗ ਵੀ ਖੁੱਲ੍ਹ ਗਏ। ਗੱਡੀ ਵਿੱਚ ਸਵਾਰ ਪੁਲਿਸ ਕਰਮਚਾਰੀਆਂ ਨੇ ਦੋਸ਼ੀਆਂ ਨੂੰ ਫਿਰ ਵੀ ਭੱਜਣ ਨਹੀਂ ਦਿੱਤਾ ਤੇ ਤਿੰਨੇ ਦੋਸ਼ੀ ਫੜੇ ਗਏ। ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਇਹਨਾਂ ਦੋਸ਼ੀਆਂ ਨੂੰ ਪੇਸ਼ੀ ‘ਤੇ ਲੈ ਕੇ ਗਏ ਪੁਲਿਸ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਪੁਲਿਸ ਕਰਮਚਾਰੀ ‘ਤੇ ਵੀ ਕਾਰਵਾਈ ਕੀਤੀ ਜਾਵੇਗੀ।










