ਚੰਡੀਗੜ੍ਹ ,16 ਜਨਵਰੀ, Gee98 news service-
-ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਆਪਣੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸ਼ਾਮ ਦਾਮ ਦੰਡ ਭੇਦ ਦੀ ਨੀਤੀ ਸ਼ੁਰੂ ਕੀਤੀ ਹੋਈ ਹੈ। ਇੱਕ ਵੱਡੇ ਮੀਡੀਆ ਅਦਾਰੇ ਦੇ ਪੰਜਾਬ ‘ਚ ਸਥਿਤ ਵੱਖ ਵੱਖ ਮੀਡੀਆ ਦਫ਼ਤਰਾਂ ਸਮੇਤ ਅਦਾਰੇ ਵੱਲੋਂ ਚਲਾਈ ਜਾ ਰਹੇ ਕਾਰੋਬਾਰੀ ਟਿਕਾਣਿਆਂ ‘ਤੇ ਪੰਜਾਬ ਪੁਲਿਸ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਛਾਪਾਮਾਰੀ ਕਰਕੇ ਜਾਂਚ ਪੜ੍ਹਤਾਲ ਕੀਤੀ। ਭਾਵੇਂ ਕਿ ਸਰਕਾਰ ਵੱਲੋਂ ਇਸ ਨੂੰ ਰੂਟੀਨ ਦੀ ਜਾਂਚ ਪੜਤਾਲ ਕਿਹਾ ਜਾ ਰਿਹਾ ਪ੍ਰੰਤੂ ਸਵਾਲ ਉੱਠਦੇ ਹਨ ਕਿ ਇਹ ਰੂਟੀਨ ਦੀ ਜਾਂਚ ਪੜ੍ਹਤਾਲ ਪਿਛਲੇ ਚਾਰ ਸਾਲਾਂ ਵਿੱਚ ਕਿਉਂ ਨਹੀਂ ਹੋਈ ? ਦੱਸ ਦਈਏ ਕਿ ਪੰਜਾਬ ਦੇ ਐਕਸਾਈਜ ਵਿਭਾਗ, ਪ੍ਰਦਸ਼ਣ ਬੋਰਡ, ਉਦਯੋਗ ਵਿਭਾਗ, ਪਾਵਰਕਾਮ, ਜੀਐਸਟੀ ਵਿਭਾਗ ਵੱਲੋਂ ਪੰਜਾਬ ਕੇਸਰੀ ਗਰੁੱਪ ਦੇ ਜਲੰਧਰ, ਲੁਧਿਆਣਾ ਤੇ ਬਠਿੰਡਾ ਸਥਿਤ ਪ੍ਰੈਸ ਦਫ਼ਤਰਾਂ ਅਤੇ ਚੋਪੜਾ ਪਰਿਵਾਰ ਵੱਲੋਂ ਚਲਾਏ ਰਹੇ ਕਾਰੋਬਾਰੀ ਅਦਾਰਿਆਂ ਹੋਟਲਾਂ ‘ਤੇ 11 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਛਾਪਾਮਾਰੀ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਇਹ ਖ਼ੁਲਾਸਾ ਖੁਦ ਪੰਜਾਬ ਕੇਸਰੀ ਗਰੁੱਪ ਦੇ ਸੰਚਾਲਕਾਂ ਨੇ ਪੰਜਾਬ ਦੇ ਰਾਜਪਾਲ ਨੂੰ ਇੱਕ ਪੱਤਰ ਲਿਖ ਕੇ ਕੀਤਾ। ਪੰਜਾਬ ਕੇਸਰੀ ਗਰੁੱਪ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਲਿਖੇ ਇਸ ਪੱਤਰ ਵਿੱਚ ਜ਼ਿਕਰ ਕੀਤਾ ਗਿਆ ਕਿ 11 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਵੱਡੀ ਗਿਣਤੀ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਉਕਤ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਜਾਂਚ ਪੜਤਾਲ ਦੇ ਨਾਮ ‘ਤੇ ਛਾਪਾਮਾਰੀ ਕੀਤੀ ਗਈ। ਪੰਜਾਬ ਕੇਸਰੀ ਗਰੁੱਪ ਦਾ ਕਹਿਣਾ ਹੈ ਕਿ 31 ਅਕਤੂਬਰ 2025 ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਬੰਧੀ ਇੱਕ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਪੰਜਾਬ ਦੀ ‘ਆਪ’ ਸਰਕਾਰ ਪੰਜਾਬ ਕੇਸਰੀ ਗਰੁੱਪ ‘ਤੇ ਔਖੀ ਹੈ, ਜਦਕਿ ਉਕਤ ਖ਼ਬਰ ਤੱਥਾਂ ‘ਤੇ ਅਧਾਰਿਤ ਸੀ। ਰਾਜਪਾਲ ਨੂੰ ਲਿਖੇ ਪੱਤਰ ਵਿੱਚ ਇਹ ਵੀ ਜ਼ਿਕਰ ਹੈ ਕਿ ਉਕਤ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਬਾਅਦ 2 ਨਵੰਬਰ 2025 ਨੂੰ ਪੰਜਾਬ ਸਰਕਾਰ ਨੇ ਪੰਜਾਬ ਕੇਸਰੀ ਗਰੁੱਪ ਦੀ ਸਰਕਾਰੀ ਇਸ਼ਤਿਹਾਰਬਾਜ਼ੀ ਬੰਦ ਕਰ ਦਿੱਤੀ ਪ੍ਰੰਤੂ ਜਦ ਗਰੁੱਪ ਨੇ ਫਿਰ ਵੀ ਆਪਣੀ ਸਹੀ ਪੱਤਰਕਾਰੀ ਜਾਰੀ ਰੱਖੀ ਤਾਂ ਮੀਡੀਆ ਦੀ ਆਵਾਜ਼ ਦਬਾਉਣ ਦੇ ਇਰਾਦੇ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਉਕਤ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਜਲੰਧਰ ਵਿਖੇ ਪੰਜਾਬ ਕੇਸਰੀ ਗਰੁੱਪ ਦੇ ਹੋਟਲਾਂ ਦੇ ਬਿਜਲੀ ਕਨੈਕਸ਼ਨ ਵੀ ਕੱਟ ਦਿੱਤੇ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਗਰੁੱਪ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ। ਪੰਜਾਬ ਕੇਸਰੀ ਗਰੁੱਪ ਦੇ ਵਿਜੇ ਕੁਮਾਰ ਚੋਪੜਾ, ਅਵਿਨਾਸ਼ ਚੋਪੜਾ ਤੇ ਅਮਿਤ ਚੋਪੜਾ ਨੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਵੱਡੇ ਮੀਡੀਆ ਅਦਾਰੇ ਖ਼ਿਲਾਫ਼ ਸ਼ੁਰੂ ਕੀਤੀ ਬਦਲਾਖ਼ੋਰੀ ਦੀ ਨੀਤੀ ਨੂੰ ਰੋਕਿਆ ਜਾਵੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੀਡੀਆ ਅਦਾਰੇ “ਅਜੀਤ” ਦੇ ਖ਼ਿਲਾਫ਼ ਵੀ ਇਹੋ ਨੀਤੀ ਅਖ਼ਤਿਆਰ ਕੀਤੀ ਸੀ, ਇਥੋਂ ਤੱਕ ਕਿ “ਅਜੀਤ” ਦੇ ਮੁੱਖ ਸੰਪਾਦਿਕ ਬਰਜਿੰਦਰ ਸਿੰਘ ਹਮਦਰਦ ਦੇ ਖ਼ਿਲਾਫ਼ ਤਾਂ ਮੁਕੱਦਮਾ ਵੀ ਦਰਜ ਕਰ ਦਿੱਤਾ ਸੀ ਪ੍ਰੰਤੂ ਕੁਝ ਦਿਨ ਪਹਿਲਾਂ ਸ੍ਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਸਰਕਾਰ ਬਰਜਿੰਦਰ ਸਿੰਘ ਹਮਦਰਦ ਦੇ ਦਰਬਾਰ ਵਿੱਚ ਹਾਜ਼ਰ ਦਿਸੀ ਸੀ। ਰੋਜ਼ਾਨਾ “ਅਜੀਤ” ਨੂੰ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਜਦ “ਅਜੀਤ” ਨੇ ਆਪਣੀ ਸਹੀ ਪੱਤਰਕਾਰੀ ਜਾਰੀ ਰੱਖੀ ਤਾਂ ਆਪਣੀ ਨੀਤੀ ਬਦਲਦੇ ਹੋਏ ਸਰਕਾਰ ਨੇ “ਅਜੀਤ” ਨਾਲ ਤਾਂ ਗਲਵੱਕੜੀ ਪਾ ਲਈ ਪਰੰਤੂ ਹੁਣ ਇੱਕ ਹੋਰ ਵੱਡੇ ਮੀਡੀਆ ਅਦਾਰੇ ਪੰਜਾਬ ਕੇਸਰੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਕੇਸਰੀ ਗਰੁੱਪ ਦੇ ਸੰਚਾਲਕਾਂ ਨੇ ਕਿਹਾ ਕਿ ਉਹ ਆਪਣੀ ਸਹੀ ਪੱਤਰਕਾਰੀ ਜਾਰੀ ਰੱਖਣਗੇ ਅਤੇ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਣਗੇ। ਦੂਜੇ ਪਾਸੇ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਖ਼ਿਲਾਫ਼ ਪੰਜਾਬ ਦੀ ਆਪ ਸਰਕਾਰ ਵੱਲੋਂ ਸ਼ੁਰੂ ਕੀਤੀ ਬਦਲਾਖ਼ੋਰੀ ਦੀ ਨੀਤੀ ਕਾਰਨ ਸਰਕਾਰ ਵਿਰੋਧੀ ਸੁਰ ਵੀ ਤੇਜ਼ ਹੋ ਰਹੇ ਹਨ। ਪੰਜਾਬ ‘ਚ ਕੁਝ ਪੱਤਰਕਾਰਾਂ ਦੇ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕਰਨ ਤੋਂ ਬਾਅਦ ਸ਼ੁਰੂ ਕੀਤੇ ਸੰਘਰਸ਼ ਨੂੰ ਵੱਖ ਵੱਖ ਜਥੇਬੰਦੀਆਂ ਨੇ ਵੀ ਆਪਣਾ ਸਮਰਥਨ ਦਿੱਤਾ ਹੈ।










