ਚੰਡੀਗੜ੍ਹ,16 ਜਨਵਰੀ, Gee98 news service-
-ਮਾਘੀ ਦੇ ਮੇਲੇ ‘ਤੇ ਮੁਕਤਸਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਬਣੇ ਧਾਰਮਿਕ ਸਥਾਨ ‘ਤੇ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਸਬੰਧੀ ਦਿੱਤੇ ਬਿਆਨ ਤੋਂ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਨੇ ਮਾਘੀ ਦੇ ਮੇਲੇ ‘ਤੇ ਕਿਹਾ ਸੀ ਕਿ ਬੰਗਾ ਨੇੜੇ ਇੱਕ ਪਿੰਡ ਵਿੱਚ ਇੱਕ ਡੇਰੇ ਤੋਂ 169 ਗੁਰੂ ਸਾਹਿਬ ਦੇ ਪਾਵਨ ਸਰੂਪ ਮਿਲੇ ਹਨ ਜਿਹਨਾਂ ਵਿੱਚੋਂ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ, ਸਿਰਫ਼ 30 ਸਰੂਪਾਂ ਦਾ ਰਿਕਾਰਡ ਹੀ 328 ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੂੰ ਮਿਲਿਆ ਹੈ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਇਹ ਸਿੱਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਇਹ 139 ਸਰੂਪ 328 ਸਰੂਪਾਂ ਦੇ ਮਾਮਲੇ ਨਾਲ ਹੀ ਸੰਬੰਧਿਤ ਹਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਹਨਾਂ 139 ਸਰੂਪਾਂ ਦੇ ਮਾਮਲੇ ‘ਚ ਸਿੱਟ ਹੋਰ ਜਾਂਚ ਕਰੇਗੀ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸਬੰਧਿਤ ਧਾਰਮਿਕ ਅਸਥਾਨ ਦੀ ਪ੍ਰਬੰਧਕ ਕਮੇਟੀ ਨੇ ਬੀਤੇ ਕੱਲ੍ਹ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਮੰਤਰੀ ਦੇ ਬਿਆਨ ਨੂੰ ਮੰਦਭਾਗਾ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ ਹੈ। ਪ੍ਰਬੰਧਕਾਂ ਨੇ ਕਿਹਾ ਕਿ ਇਹ ਅਸਥਾਨ ਕੋਈ ਡੇਰਾ ਨਹੀਂ ਸਗੋਂ ਸਗੋਂ ਰਾਜਾ ਸਾਹਿਬ ਨਾਭ ਕੰਵਲ ਜੀ ਨਾਲ ਸੰਬੰਧਿਤ ਰਸੋਖਾਨਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਮਰਿਆਦਾ ਤਹਿਤ ਪ੍ਰਕਾਸ਼ ਹਨ। ਪ੍ਰਬੰਧਕ ਕਮੇਟੀ ਨੇ ਇਹ ਵੀ ਦੱਸਿਆ ਕਿ ਜਾਂਚ ਲਈ ਆਈ SIT ਨੂੰ 169 ਸਰੂਪਾਂ ਦਾ ਪੂਰਾ ਰਿਕਾਰਡ ਮੁਹੱਈਆ ਕਰਵਾਇਆ ਗਿਆ, ਫਿਰ ਵੀ ਮੁੱਖ ਮੰਤਰੀ ਕਹਿ ਰਹੇ ਹਨ ਕਿ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ। ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇੱਥੇ ਸਾਰਾ ਸਾਲ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਹਨ ਅਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਆਪਣੀ ਸੁੱਖ ਦੇ ਅਨੁਸਾਰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਂਦੀਆਂ ਹਨ। ਪ੍ਰੈਸ ਕਾਨਫਰੰਸ ਦੌਰਾਨ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨੂੰ ਦਰਸ਼ਨ ਕਰਵਾਏ ਜਿੱਥੇ ਮੌਕੇ ਤੇ 42 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਸਨ। ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਮੰਦਭਾਗਾ ਦੱਸਦੇ ਹੋਏ ਵੱਡਾ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਪਿੰਡ ਸਤੌਜ ਦੇ ਧਾਰਮਿਕ ਅਸਥਾਨਾਂ ‘ਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਰਿਕਾਰਡ ਵੀ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਪ੍ਰਾਈਵੇਟ ਪ੍ਰਿੰਟਿੰਗ ਪ੍ਰੈਸਾਂ ਵੀ ਕਰਦੀਆਂ ਸਨ ਜਿਨਾਂ ਵਿੱਚੋਂ ‘ਭਾਈ ਚਤਰ ਸਿੰਘ ਭਾਈ ਜੀਵਨ ਸਿੰਘ’ ਦੀ ਪ੍ਰਿੰਟਿੰਗ ਪ੍ਰੈਸ ਮਸ਼ਹੂਰ ਰਹੀ ਹੈ ਪਰੰਤੂ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬ ਦੀ ਸਰੂਪਾਂ ਦੀ ਪ੍ਰਕਾਸ਼ਨਾ ਦਾ ਕੰਮ ਆਪਣੀ ਜ਼ਿੰਮੇ ਲੈ ਲਿਆ ਸੀ, ਸਪੱਸ਼ਟ ਹੈ ਕਿ ਪ੍ਰਾਈਵੇਟ ਪ੍ਰਿੰਟਿੰਗ ਪ੍ਰੈਸਾਂ ਵੱਲੋਂ ਪ੍ਰਕਾਸ਼ਿਤ ਕੀਤੇ ਗੁਰੂ ਸਾਹਿਬ ਦੇ ਸਰੂਪ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿੱਚ ਨਹੀਂ ਹੋ ਸਕਦੇ। ਰਸੋਖਾਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ 169 ਸਰੂਪਾਂ ਵਿੱਚੋਂ ਬਹੁਤੇ ਸਰੂਪ ਅਜਿਹੇ ਹਨ ਜਿਹੜੇ ਕਈ ਸਾਲ ਪਹਿਲਾਂ ਪ੍ਰਾਈਵੇਟ ਪ੍ਰਿੰਟਿੰਗ ਪ੍ਰੈਸਾਂ ਤੋਂ ਸਤਿਕਾਰ ਸਹਿਤ ਲਿਆਂਦੇ ਗਏ ਸਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵਿੰਦਰ ਸੁੱਖੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੇ ਬਿਲਕੁਲ ਉਲਟ ਕਿਹਾ ਹੈ ਕਿ ਰਸੋਖਾਨਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਪੂਰੀ ਮਰਿਆਦਾ ਤਹਿਤ ਸਤਿਕਾਰ ਕੀਤਾ ਜਾਂਦਾ ਹੈ। ਵਿਧਾਇਕ ਸੁੱਖੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ “ਕੌਣ ਕਹਿੰਦਾ ਹੈ ਕਿ ਇੱਥੇ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਹੁੰਦਾ”। ਵਿਧਾਇਕ ਸੁੱਖੀ ਨੇ ਕਿਹਾ ਕਿ ਉਹ ਛੋਟੇ ਹੁੰਦੇ ਇੱਥੇ ਆਉਂਦੇ ਹਨ ਉਸ ਦੇ ਦਾਦੇ ਪੜਦਾਦੇ ਵੀ ਇੱਥੇ ਆਉਂਦੇ ਰਹੇ ਹਨ, ਜਿੰਨਾਂ ਸਤਿਕਾਰ ਉਹਨਾਂ ਨੂੰ ਇਸ ਅਸਥਾਨ ਤੋਂ ਮਿਲਿਆ ਹੋਰ ਕਿਤੋਂ ਨਹੀਂ ਮਿਲਿਆ। ਇੱਕ ਪਾਸੇ ਮੁੱਖ ਮੰਤਰੀ ਇਸ ਧਾਰਮਿਕ ਸਥਾਨ ਦੀ ਮਰਿਆਦਾ ਸਬੰਧੀ ਵੱਡੇ ਸਵਾਲ ਖੜੇ ਕਰ ਰਹੇ ਹਨ ਪਰ ਦੂਜੇ ਪਾਸੇ ਉਹਨਾਂ ਦਾ ਆਪਣਾ ਵਿਧਾਇਕ ਮੁੱਖ ਮੰਤਰੀ ਦੇ ਬਿਆਨ ਨੂੰ ਝੁਠਲਾ ਰਿਹਾ ਹੈ, ਮੁੱਖ ਮੰਤਰੀ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆਪਣੀ ਪੇਸ਼ੀ ਸਮੇਂ ਜਥੇਦਾਰ ਸਾਹਮਣੇ ਇਹ ਮੰਨ ਕੇ ਆਏ ਹਨ ਕਿ ਉਹ ਅੱਗੇ ਤੋਂ ਧਾਰਮਿਕ ਮਾਮਲਿਆਂ ਸਬੰਧੀ ਗਿਆਨਬਾਜ਼ੀ ਕਰਨ ਸਮੇਂ ਆਪਣੀ ਸ਼ਬਦਾਵਲੀ ਦਾ ਧਿਆਨ ਰੱਖਣਗੇ ਪ੍ਰੰਤੂ ਰਸੋਖਾਨਾ ਸਾਹਿਬ ਬਾਰੇ ਦਿੱਤੇ ਆਪਣੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਫੇਰ ਧਾਰਮਿਕ ਕਟਹਿਰੇ ਵਿੱਚ ਖੜ ਗਏ ਹਨ। ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਮਾਝੇ ਅਤੇ ਦੁਆਬੇ ਵਿੱਚ ਰਾਜਾ ਸਾਹਿਬ ਨਾਭ ਕੰਵਲ ਜੀ ਦੇ ਸ਼ਰਧਾਲੂਆਂ ‘ਚ ਰੋਸ ਵਧ ਰਿਹਾ ਹੈ। ਦੂਜੇ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ SIT ਨੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਵੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵਧਣ ਦੇ ਆਸਾਰ ਹਨ।
ਫੋਟੋ ਕੈਪਸ਼ਨ-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਭਾਸ਼ਣ ਦੌਰਾਨ ਜਿਕਰ ਕੀਤੇ ਧਾਰਮਿਕ ਅਸਥਾਨ ਦੀ ਤਸਵੀਰ










