ਬਰਨਾਲਾ,29 ਜਨਵਰੀ (ਨਿਰਮਲ ਸਿੰਘ ਪੰਡੋਰੀ)-
-ਸੀਆਈਏ ਟੀਮ ਬਰਨਾਲਾ ਨੇ ਮੁਖ਼ਬਰੀ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ 125 ਕਿਲੋਗ੍ਰਾਮ ਭੁੱਕੀ ( 5 ਬੋਰੀਆਂ ਵਿੱਚ) ਸਮੇਤ ਟਰੱਕ ਬਰਾਮਦ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਜ਼ਿਲ੍ਹਾ ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਜਸਪ੍ਰੀਤ ਸਿੰਘ ਉਰਫ਼ ਜੱਸਾ ਵਾਸੀ ਕਾਉਂਕੇ ਕਲਾਂ ਜ਼ਿਲ੍ਹਾ ਲੁਧਿਆਣਾ ਅਤੇ ਗੁਰਦੀਪ ਸਿੰਘ ਉਰਫ ਗੱਗੂ ਵਾਸੀ ਹਲਵਾਰਾ ਜ਼ਿਲ੍ਹਾ ਲੁਧਿਆਣਾ ਦੇ ਖ਼ਿਲਾਫ਼ ਅਧੀਨ ਧਾਰਾ 15/29/61/85 ਐਨਡੀਪੀਐਸ ਐਕਟ ਤਹਿਤ ਦਰਜ ਕੀਤਾ। ਇਸ ਮੁਕੱਦਮੇ ਦੀ ਰੌਸ਼ਨੀ ਵਿੱਚ ਕਾਰਵਾਈ ਕਰਦੇ ਹੋਏ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਬਠਿੰਡਾ-ਬਰਨਾਲਾ ਮੇਨ ਰੋਡ ‘ਤੇ ਹੰਡਿਆਇਆ ਦੇ ਨਜ਼ਦੀਕ ਉਕਤ ਜਸਪ੍ਰੀਤ ਸਿੰਘ ਜੱਸਾ ਨੂੰ 125 ਕਿਲੋਗ੍ਰਾਮ ਭੁੱਕੀ (ਪੰਜ ਬੋਰੀਆਂ) ਸਮੇਤ ਇੱਕ ਕੈਂਟਰ ਨੰਬਰੀ PB 13 BS 5575 ਵਿੱਚੋਂ ਬਰਾਮਦ ਕੀਤੀਆਂ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਦੌਰਾਨੇ ਤਫਤੀਸ਼ ਜਸਪ੍ਰੀਤ ਸਿੰਘ ਦੀ ਪੁੱਛਗਿਛ ਦੇ ਅਧਾਰ ‘ਤੇ ਉਕਤ ਮੁਕੱਦਮੇ ਵਿੱਚ ਸਿਮਰਜੀਤ ਸਿੰਘ ਉਰਫ ਸਿਮਰ ਵਾਸੀ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਨੂੰ ਨਾਮਜ਼ਦ ਕੀਤਾ ਅਤੇ ਕਾਰਵਾਈ ਕਰਦੇ ਹੋਏ ਗੁਰਦੀਪ ਸਿੰਘ ਉਰਫ ਗੱਗੂ ਅਤੇ ਸਿਮਰਜੀਤ ਸਿੰਘ ਉਰਫ ਸਿਮਰ ਨੂੰ ਵੀ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਗੁਰਦੀਪ ਸਿੰਘ ਇਹ ਭੁੱਕੀ ਮਨਸੌਰ (ਮੱਧ ਪ੍ਰਦੇਸ਼) ਤੋਂ ਆਪਣੇ ਕੈਂਟਰ ਵਿੱਚ ਲਿਆ ਰਹੇ ਸੀ ਅਤੇ ਅੱਗੇ ਉਹਨਾਂ ਨੇ ਇਹ ਭੁੱਕੀ ਗੁਰਦੀਪ ਸਿੰਘ ਨੂੰ ਦੇਣੀ ਸੀ। ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਹਾਸਿਲ ਕੀਤਾ ਹੈ ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।










