Skip to main content

Gee 98News

ਵੱਡੀ ਖ਼ਬਰ…ਲੁਧਿਆਣੇ ਦੇ ਵਪਾਰੀਆਂ ਨੇ ਉਦਯੋਗ ਸ਼ਿਫਟ ਕਰਨ ਦੀ ਦਿੱਤੀ ਚਿਤਾਵਨੀ

-‌ਲੰਮੇ ਬਿਜਲੀ ਕੱਟਾਂ ਤੋਂ ਔਖੇ ਲੋਕ, ਥਰਮਲ ਪਲਾਂਟਾਂ ‘ਚ ਕੋਲੇ ਦੀ ਕਮੀ

ਸਥਿਤੀ ਸੁਧਾਰਨ ਦੀ ਬਜਾਏ ਪੰਜਾਬ ਤੇ ਕੇਂਦਰ ਵੱਲੋਂ ਇੱਕ ਦੂਜੇ ਸਿਰ ਭੰਨਿਆ ਜਾ ਰਿਹਾ ਹੈ ਠੀਕਰਾ

ਚੰਡੀਗੜ੍ਹ, 8 ਸਤੰਬਰ, Gee98 News service-

-ਪੰਜਾਬ ‘ਚ ਬਿਜਲੀ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਕੋਲ ਸਿਰਫ਼ ਦੋ ਦਿਨ ਦਾ ਕੋਲਾ ਬਚਿਆ ਹੈ, ਦੋ ਦਿਨਾਂ ਬਾਅਦ ਇਹਨਾਂ ਬਿਜਲੀ ਉਤਪਾਦਨ ਇਹਨਾਂ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਬੰਦ ਹੋਣ ਦਾ ਖ਼ਤਰਾ ਹੈ ਜੇਕਰ ਅਜਿਹਾ ਹੋਇਆ ਤਾਂ ਆਮ ਲੋਕਾਂ ਦੇ ਨਾਲ ਨਾਲ ਪੰਜਾਬ ਦੇ ਛੋਟੇ ਵੱਡੇ ਉਦਯੋਗਾਂ ਨੂੰ ਵੀ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੁਧਿਆਣਾ ਦੇ ਉਦਯੋਗਪਤੀਆਂ ਨੇ ਚੀਫ਼ ਇੰਜੀਨੀਅਰ ਸੈਂਟਰਲ ਜ਼ੋਨ ਜਗਦੇਵ ਸਿੰਘ ਹਾਂਸ ਦੇ ਰਾਹੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਲਗਾਤਾਰ ਬਿਜਲੀ ਨਹੀਂ ਮਿਲੀ ਤਾਂ ਉਹ ਆਪਣਾ ਕਾਰੋਬਾਰ ਦੂਜੇ ਰਾਜਾਂ ਵਿੱਚ ਸਿਫਟ ਕਰਨ ਲਈ ਮਜ਼ਬੂਰ ਹੋਣਗੇ। ਸੂਬੇ ‘ਚ ਬਿਜਲੀ ਸੰਕਟ ਦੀ ਅਸਲ ਸਥਿਤੀ ਅਤੇ ਉਸ ਨਾਲ ਨਿਪਟਣ ਸਬੰਧੀ ਪੰਜਾਬ ਸਰਕਾਰ ਵੱਲੋਂ ਉਠਾਏ ਜਾ ਰਹੇ ਕਦਮਾਂ ਬਾਰੇ ਨਾ ਤਾਂ ਬਿਜਲੀ ਮੰਤਰੀ ਅਤੇ ਨਾ ਹੀ ਪਾਵਰਕਾਮ ਦਾ ਕੋਈ ਵੱਡਾ ਅਧਿਕਾਰੀ ਜਾਣਕਾਰੀ ਦੇ ਰਿਹਾ ਹੈ। ਪੰਜਾਬ ‘ਚ ਬਿਜਲੀ ਦੀ ਮੰਗ ਅਤੇ ਸਪਲਾਈ ‘ਚ ਵੱਡਾ ਫਰਕ ਹੋਣ ਕਾਰਨ ਪਾਵਰਕਾਮ ਨੂੰ ਮਹਿੰਗੇ ਰੇਟ ‘ਤੇ ਕੇਂਦਰੀ ਪੂਲ ਤੋਂ ਬਿਜਲੀ ਖਰੀਦਣੀ ਪੈ ਰਹੀ ਹੈ। ਪੰਜਾਬ ‘ਚ ਇਸ ਵੇਲੇ ਬਿਜਲੀ ਦਾ ਉਤਪਾਦਨ 15,000 ਮੈਗਾਵਾਟ ਤੱਕ ਹੈ ਜਦਕਿ ਪਾਵਰਕਾਮ ਨੂੰ ਕੇਂਦਰੀ ਪੂਲ ਤੋਂ 11100 ਮੈਗਾਵਾਟ ਤੱਕ ਬਿਜਲੀ ਖਰੀਦਣੀ ਪੈ ਰਹੀ ਹੈ।
-ਪਾਵਰਕਾਮ ਦੀ ਇੰਜੀਨੀਅਰਜ਼ ਐਸੋਸੀਏਸ਼ਨ ਦਾ ਹੈਰਾਨੀਜਨਕ ਖੁਲਾਸਾ
ਪਾਵਰਕਾਮ ਦੀ ਇੰਜਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਅਜੇਪਾਲ ਸਿੰਘ ਅਟਵਾਲ ਨੇ ਦੱਸਿਆ ਕਿ ਪਾਵਰਕਾਮ ਦੀ ਵਿੱਤੀ ਸਥਿਤੀ ਇਸ ਵੇਲੇ ਬਹੁਤ ਹੀ ਚਿੰਤਾਜਨਕ ਬਣੀ ਹੋਈ ਹੈ। ਉਹਨਾਂ ਦੱਸਿਆ ਕਿ ਚਾਲੂ ਵਿੱਤੀ ਸਾਲ ‘ਚ ਪਾਵਰਕਾਮ ਨੂੰ ਆਪਣੇ ਖਰਚਿਆਂ ਦੀਆਂ ਜ਼ਰੂਰਤਾਂ ਦੇ ਮੁਕਾਬਲੇ 7800 ਕਰੋੜ ਰੁਪਏ ਘਾਟੇ ਦਾ ਅਨੁਮਾਨ ਹੈ। ‌ ਉਹਨਾਂ ਦੱਸਿਆ ਕਿ ਪਾਵਰਕਾਮ ਦੀ ਮਾੜੀ ਵਿੱਤੀ ਹਾਲਤ ਲਈ ਪੰਜਾਬ ਸਰਕਾਰ ਵੱਲੋਂ ਸਬਸਿਡੀਆਂ ਦਾ ਬਕਾਇਆ ਸਮੇਂ ਸਿਰ ਨਾ ਦੇਣਾ ਹੈ ਅਤੇ ਇਸ ਤੋਂ ਇਲਾਵਾ ਕਰੋੜਾਂ ਰੁਪਏ ਸਰਕਾਰੀ ਵਿਭਾਗਾਂ ਵੱਲ ਬਿਜਲੀ ਦੇ ਬਿੱਲ ਬਕਾਇਆ ਖੜੇ ਹਨ।
-ਕੋਲੇ ਦੇ ਮਾਮਲੇ ‘ਤੇ ਆਹਮੋ ਸਾਹਮਣੇ ਕੇਂਦਰ ਤੇ ਪੰਜਾਬ
ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਨਿੱਜੀ ਥਰਮਲ ਪਲਾਂਟਾਂ ਨੂੰ ਕੋਲਾ ਨਹੀਂ ਮਿਲ ਰਿਹਾ ਇਸ ਲਈ ਸਮਰੱਥਾ ਤੋਂ ਅੱਧੀ ਬਿਜਲੀ ਉਤਪਾਦਨ ਹੋ ਰਿਹਾ ਹੈ। ਬਿਜਲੀ ਮੰਤਰੀ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਜੇਕਰ ਕੋਲੇ ਦੀ ਸਪਲਾਈ ਨਾ ਮਿਲੀ ਤਾਂ ਲੋਕਾਂ ਨੂੰ ਲੰਮੇ ਪਾਵਰ ਕੱਟਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੇ ਕੋਲਾ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਨੂੰ ਕੋਲੇ ਦੀ ਕੋਈ ਕਮੀ ਨਹੀਂ ਹੈ ਅਤੇ ਲੋੜੀਦੀ ਮਾਤਰਾ ਵਿੱਚ ਕੋਲੇ ਦੀ ਵੰਡ ਕੀਤੀ ਗਈ ਹੈ। ਪੰਜਾਬ ਸਰਕਾਰ ਬਿਜਲੀ ਸੰਕਟ ਲਈ ਕੇਂਦਰ ਨੂੰ ਜਿੰਮੇਵਾਰ ਠਹਿਰਾ ਰਹੀ ਹੈ ਜਦਕਿ ਭਾਜਪਾ ਇਸ ਲਈ ਪੰਜਾਬ ਦੀ ਆਪ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਭਾਜਪਾ ਦਾ ਤਰਕ ਹੈ ਕਿ ਆਪ ਸਰਕਾਰ ਦੀ ਮਾੜੀ ਮੈਨੇਜਮੈਂਟ ਦੇ ਕਾਰਨ ਬਿਜਲੀ ਕੱਟ ਲੱਗ ਰਹੇ ਹਨ। ਭਾਵੇਂ ਕਿ ਪੰਜਾਬ ਸਰਕਾਰ ਆਪਣੀ ਆਲੋਚਨਾ ਤੋਂ ਬਚਣ ਲਈ ਕੇਂਦਰ ਸਿਰ ਠੀਕਰਾ ਭੰਨ ਰਹੀ ਹੈ ਪ੍ਰੰਤੂ ਪਾਵਰਕਾਮ ਦੇ ਆਪਣੇ ਅਧਿਕਾਰੀ ਇਹ ਮੰਨ ਰਹੇ ਹਨ ਕਿ ਪੰਜਾਬ ‘ਚ ਬਿਜਲੀ ਉਤਪਾਦਨ ਅਤੇ ਪਾਵਰਕਾਮ ਦੀ ਵਿੱਤੀ ਸਥਿਤੀ ਬਹੁਤੀ ਚੰਗੀ ਨਹੀਂ ਹੈ ਅਤੇ ਜੇਕਰ ਗੰਭੀਰਤਾ ਨਾਲ ਪਾਵਰਕਾਮ ਦੀ ਅੰਦਰੂਨੀ ਹਾਲਤ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ‘ਚ ਲੋਕਾਂ ਨੂੰ ਬਿਜਲੀ ਸਪਲਾਈ ਦੇ ਮਾਮਲੇ ‘ਚ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Gee98 Ads
error: Content is protected !!