ਬਰਨਾਲਾ 4 ਮਾਰਚ (ਨਿਰਮਲ ਸਿੰਘ ਪੰਡੋਰੀ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਦੋ ਵਿਦਿਆਰਥਣਾਂ ਮਨਪ੍ਰੀਤ ਕੌਰ ਅਤੇ ਨਿਆਮਤ ਏ ਮੀਤ ਨੇ ਸੂਬਾ ਪੱਧਰੀ ਕੁਇਜ਼ ਮੁਕਾਬਲਿਆਂ ਵਿਚ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮੈਡਮ ਵਿਨਸੀ ਜਿੰਦਲ ਨੇ ਦੱਸਿਆ ਕਿ ਨੌਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਅਤੇ ਦਸਵੀਂ ਜਮਾਤ ਦੀ ਵਿਦਿਆਰਥਣ ਨਿਆਮਤ ਏ ਮੀਤ ‘ਤੇ ਆਧਾਰਤ ਟੀਮ ਵੱਲੋਂ ਕੁਇਜ਼ ਮੁਕਾਬਲਿਆਂ ‘ਚ ਪਹਿਲਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਪਹਿਲੀ ਪੁਜੀਸ਼ਨ ਪ੍ਰਾਪਤ ਕਰ ਕੇ ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਵਿੱਚ ਹੋਏ ਸੂਬਾ ਪੱਧਰੀ ਕੁਇਜ਼ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਸੂਬੇ ਵਿੱਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਕੇ 2500 ਰੁਪਏ ਦੀ ਰਾਸ਼ੀ ਦਾ ਸਨਮਾਨ ਪ੍ਰਾਪਤ ਕੀਤਾ।
ਇਨ੍ਹਾਂ ਕੁਇਜ਼ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜਵਿੰਦਰ ਕੌਰ ਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ 31 ਜਨਵਰੀ 2022 ਤੱਕ ਕਰਵਾਏ ਜਾ ਚੁੱਕੇ ਪਾਠਕਰਮ ‘ਤੇ ਆਧਾਰਤ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਦਸਵੀਂ ਜਮਾਤ ਦੇ ਦੋ ਵਰਗਾਂ ‘ਚ ਕੁਇਜ਼ ਮੁਕਾਬਲੇ ਕਰਵਾਏ ਗਏ ਸਨ। ਉਕਤ ਵਿਦਿਆਰਥਣਾਂ ਦੀ ਸ਼ਾਨਦਾਰ ਪ੍ਰਾਪਤੀ ‘ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਸੁਖਵਿੰਦਰ ਸਿੰਘ ਗੁਰਮ, ਜ਼ਿਲ੍ਹਾ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਵੀ ਗਾਈਡ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।









