Skip to main content

Gee 98News

ਰੂਸ- ਯੂਕਰੇਨ ਯੁੱਧ ਦੀ ਅੱਗ ਨਾਲ ਤਪੀ ਭਾਰਤੀ ਰਸੋਈ…ਘਰੇਲੂ ਵਸਤਾਂ ਦੀਆਂ ਕੀਮਤਾਂ ਵਧੀਆਂ

ਰੂਸ- ਯੂਕਰੇਨ ਯੁੱਧ ਦੀ ਅੱਗ ਨਾਲ ਤਪੀ ਭਾਰਤੀ ਰਸੋਈ…ਘਰੇਲੂ ਵਸਤਾਂ ਦੀਆਂ ਕੀਮਤਾਂ ਵਧੀਆਂ
ਬਰਨਾਲਾ 3 ਮਾਰਚ (ਨਿਰਮਲ ਸਿੰਘ ਪੰਡੋਰੀ)-ਰੂਸ ਅਤੇ ਯੂਕਰੇਨ ਵਿਚਕਾਰ ਛਿੜੇ ਯੁੱਧ ਦਾ ਅਸਰ ਭਾਰਤੀ ਬਾਜ਼ਾਰ ਉੱਪਰ ਵੀ ਪੈਣਾ ਸ਼ੁਰੂ ਹੋ ਗਿਆ ਹੈ। ਘਰੇਲੂ ਵਰਤੋਂ ਦੀਆਂ ਚੀਜ਼ਾਂ ਖ਼ਾਸਕਰ ਰਸੋਈ ਵਿਚ ਖਾਧ ਪਦਾਰਥਾਂ ਲਈ ਵਰਤੇ ਜਾਣ ਵਾਲੇ ਰਾਸ਼ਨ ਦੀਆਂ ਕੁਝ ਵਸਤਾਂ ਦੀਆਂ ਕੀਮਤਾਂ ਅਮਰਵੇਲ ਵਾਂਗ ਵਧ ਰਹੀਆਂ ਹਨ। ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਕਾਰਨ ਲੋਕਾਂ ਦੀਆਂ ਜੇਬਾਂ ਢਿੱਲੀਆਂ ਹੋ ਰਹੀਆਂ ਹਨ। ਲੋਕ ਜਿੱਥੇ ਇੱਕ ਪਾਸੇ ਯੂਕਰੇਨ ‘ਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਚਿੰਤਤ ਹਨ ਉਥੇ ਦੂਜੇ ਪਾਸੇ ਕੀਮਤਾਂ ‘ਚ ਵਾਧੇ ਦੀ ਦੋਹਰੀ ਮਾਰ ਝੱਲ ਰਹੇ ਹਨ। ਸਿਤਮਜ਼ਰੀਫ਼ੀ ਇਹ ਵੀ ਹੈ ਕਿ ਸਰਕਾਰ ਵੱਲੋਂ ਘਰੇਲੂ ਵਰਤੋਂ ‘ਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ‘ਚ ਵਾਧੇ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਰੂਸ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਰਿਫਾਈਂਡ, ਘਿਉ,ਕੱਪੜੇ ਧੋਣ ਵਾਲਾ ਅਤੇ ਨਹਾਉਣ ਵਾਲਾ ਸਾਬਣ, ਦੇਸੀ ਘਿਉ ਅਤੇ ਦੇਸੀ ਘਿਓ ਤੋਂ ਬਣਨ ਵਾਲੀਆਂ ਵਸਤਾਂ ਦੀਆਂ ਕੀਮਤਾਂ ‘ਚ ਹੈਰਾਨੀਜਨਕ ਵਾਧਾ ਹੋਇਆ ਹੈ,ਇਹ ਕੀਮਤਾਂ ਹੋਰ ਵਧ ਸਕਦੀਆਂ ਹਨ ਕਿਉਂਕਿ ਯੁੱਧ ਅਜੇ ਜਾਰੀ ਹੈ ਜੋ ਨੇੜ ਭਵਿੱਖ ‘ਚ ਰੁਕਣ ਦੇ ਆਸਾਰ ਨਜ਼ਰ ਨਹੀਂ ਆ ਰਹੇ।
ਰੂਸ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਰਿਫਾਈਂਡ ਦਾ ਰੇਟ 130 ਪ੍ਰਤੀ ਲਿਟਰ ਰੁਪਏ ਸੀ ਅਤੇ ਹੁਣ 170 ਰੁਪਏ ਪ੍ਰਤੀ ਲਿਟਰ ‘ਤੇ ਪੁੱਜ ਚੁੱਕਾ ਹੈ।ਇਸੇ ਤਰ੍ਹਾਂ ਘਿਓ ਵੀ 130 ਰੁਪਏ ਤੋਂ 170 ਰੁਪਏ ਤਕ ਹੋ ਗਿਆ ਹੈ। ਕੱਪੜੇ ਧੋਣ ਵਾਲਾ ਸਾਬਣ 90 ਰੁਪਏ ਤੋਂ ਵਧ ਕੇ 105 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਦੇਸੀ ਘਿਓ ਤੋਂ ਬਣਨ ਵਾਲੇ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਆਮ ਲੋਕ ਇਸ ਗੱਲੋਂ ਵੀ ਚਿੰਤਤ ਹਨ ਕਿਉਂਕਿ ਆਉਣ ਵਾਲੇ ਦਿਨਾਂ ‘ਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਦੇ ਆਸਾਰ ਹਨ ਜਿਸ ਤੋਂ ਬਾਅਦ ਘਰੇਲੂ ਵਰਤੋਂ ‘ਚ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ‘ਚ ਹੋਰ ਵਾਧਾ ਹੋ ਸਕਦਾ ਹੈ। ਇਕ ਪਾਸੇ ਆਮ ਲੋਕ ਰੂਸ ਤੇ ਯੂਕਰੇਨ ਦੇ ਯੁੱਧ ਦੇ ਸੇਕ ਦੀ ਚੰਗਿਆੜੀ ਕਾਰਨ ਘਰੇਲੂ ਵਸਤਾਂ ਦੀਆਂ ਚੀਜ਼ਾਂ ਨੂੰ ਲੱਗੀ ਅੱਗ ਦਾ ਸੰਤਾਪ ਝੱਲਣ ਲਈ ਮਜਬੂਰ ਹਨ ਦੂਜੇ ਪਾਸੇ ਸਰਕਾਰ ਇਨ੍ਹਾਂ ਹਾਲਾਤਾਂ ਨੂੰ ਕਾਬੂ ਕਰ ਲਈ ਕੋਈ ਯਤਨ ਨਹੀਂ ਕਰ ਰਹੀ।

error: Content is protected !!