ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੇ ਬੰਦ ਕਰ ਦਿੱਤਾ ਹੈ ਇਲਾਜ, 260 ਕਰੋੜ ਦਾ ਬਕਾਇਆ
ਬਰਨਾਲਾ, 4 ਅਗਸਤ (ਨਿਰਮਲ ਸਿੰਘ ਪੰਡੋਰੀ) :
ਪੀਜੀਆਈ ਵੱਲੋਂ ਆਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰਨ ਤੋਂ ਬਾਅਦ ਅਲੋਚਨਾ ਦਾ ਸ਼ਿਕਾਰ ਹੋ ਰਹੀ ਪੰਜਾਬ ਸਰਕਾਰ ਵੱਲੋਂ ਪੀਜੀਆਈ ਨੂੰ ਉਕਤ ਸਕੀਮ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਗੱਲ ਕਹੀ ਜਾ ਰਹੀ ਹੈ। ਜਿਸ ਤੋਂ ਬਾਅਦ ਪੀਜੀਆਈ ’ਚ ਪੰਜਾਬ ਦੇ ਮਰੀਜ਼ਾਂ ਦਾ ਆਯੂਸ਼ਮਾਨ ਸਕੀਮ ਤਹਿਤ ਮੁਫ਼ਤ ਇਲਾਜ ਹੋਵੇਗਾ। ਸਰਕਾਰ ਨੇ ਭਾਵੇਂ ਪੀਜੀਆਈ ਦਾ ਬਕਾਇਆ ਤਾਂ ਜਾਰੀ ਕਰ ਦਿੱਤਾ ਹੈ ਪਰ ਇਸ ਨਾਲ ਹੁਣ ਸਰਕਾਰ ਉੱਪਰ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਦਾ ਦਬਾਅ ਹੋਰ ਵਧੇਗਾ ਜਿਹੜੇ ਕਿ ਪਹਿਲਾਂ ਹੀ ਆਯੂਸ਼ਮਾਨ ਸਕੀਮ ਤਹਿਤ ਲੋੜਵੰਦ ਮਰੀਜ਼ਾਂ ਦਾ ਇਲਾਜ ਬੰਦ ਕਰੀ ਬੈਠੇ ਹਨ। ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਦੀ ਸਰਕਾਰ ਵੱਲ ਲੱਗਭੱਗ 260 ਕਰੋੜ ਦੀ ਰਕਮ ਬਕਾਇਆ ਹੈ। ਇਹ ਸਕੀਮ 20 ਅਗਸਤ 2019 ਨੂੰ ਸ਼ੁਰੂ ਹੋਈ ਸੀ ਜਿਸ ਵਿੱਚ 39 ਲੱਖ ਤੋਂ ਵੱਧ ਪਰਿਵਾਰਾਂ ਨੂੰ ਕਵਰ ਕੀਤਾ ਗਿਆ ਹੈ। ਇਸ ਸਕੀਮ ਤਹਿਤ ‘ਐਸਬੀਆਈ ਇੰਸੋਰੈਸ਼ ਕੰਪਨੀ’ ਨਾਲ ਕਰਾਰਨਾਮਾ ਕੀਤਾ ਗਿਆ ਸੀ ਪ੍ਰੰਤੂ ਇਹ ਕੰਪਨੀ 29 ਦਸੰਬਰ 2021 ਨੂੰ ਹੱਥ ਖੜੇ ਕਰ ਗਈ ਸੀ। ਜਿਸ ਕਾਰਨ ਪ੍ਰਾਈਵੇਟ ਹਸਪਤਾਲਾਂ ਦੇ ਪੈਸੇ ਸਰਕਾਰ ਵੱਲ ਫ਼ਸੇ ਹੋਏ ਹਨ ਅਤੇ ਆਯੂਸ਼ਮਾਨ ਸਕੀਮ ਤਹਿਤ ਸੂਚੀਬੱਧ ਇਨਾਂ ਹਸਪਤਾਲਾਂ ਨੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ। ਸਵਾਲ ਇਹ ਵੀ ਉਠਦਾ ਹੈ ਕਿ ਪੰਜਾਬ ਸਰਕਾਰ ਨੇ ਪੀਜੀਆਈ ਤੋਂ ਮਿਲੇ ਪਹਿਲੇ ਝਟਕੇ ਤੋਂ ਬਾਅਦ ਹੀ ਪੈਸੇ ਦੇ ਦਿੱਤੇ ਹਨ ਪ੍ਰੰਤੂ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਦੇ ਬਾਰੇ ਪੰਜਾਬ ਸਰਕਾਰ ਚਿੰਤਤ ਨਹੀਂ ਹੈ। ਇਸ ਸਥਿਤੀ ਦਾ ਅਸਲ ਨੁਕਸਾਨ ਉਨ੍ਹਾਂ ਲੋੜਵੰਦ ਲੋਕਾਂ ਨੂੰ ਹੋ ਰਿਹਾ ਹੈ ਜੋ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰਥ ਹਨ। ਪ੍ਰਾਈਵੇਟ ਹਸਪਤਾਲਾਂ ਅਤੇ ਸਰਕਾਰ ਦੇ ਵਿਚਕਾਰ ਆਮ ਲੋਕ ਪਿਸ ਰਹੇ ਹਨ ਪ੍ਰੰਤੂ ਸਰਕਾਰ ਦੀ ਸਥਿਤੀ ਬਿੱਲੀ ਨੂੰ ਦੇਖ ਕੇ ਕਬੂਤਰ ਦੇ ਅੱਖਾਂ ਬੰਦ ਕਰਨ ਵਾਲੀ ਹੈ।