-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵੰਡੇ ਗਏ ਜੂਟ ਦੇ ਥੈਲੇ
ਬਰਨਾਲਾ, 05 ਅਗਸਤ (ਨਿਰਮਲ ਸਿੰਘ ਪੰਡੋਰੀ) :
ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਮਾਗਮ ਕਰਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਖ਼ਿਲਾਫ਼ ਸਾਂਝੇ ਯਤਨਾਂ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪਲਾਸਟਿਕ ਕੁਦਰਤੀ ਤੌਰ ’ਤੇ ਨਸ਼ਟ ਨਹੀਂ ਹੁੰਦਾ ਅਤੇ ਲੰਮੇ ਸਮੇਂ ਤੱਕ ਧਰਤੀ ’ਤੇ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖਤਾ ਬਚਾਉਣ ਲਈ ਸਾਨੂੰ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਬੰਦ ਕਰਨੀ ਹੀ ਪੈਣੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਧਾਰਾ 144 ਤਹਿਤ ਪਲਾਸਟਿਕ ਦੇ ਲਿਫਾਫੇ ਬਣਾਉਣ, ਸਟੋਰ ਕਰਨ, ਵੇਚਣ, ਵਰਤਣ ਆਦਿ ’ਤੇ ਪਾਬੰਦੀ ਹੈ। ਉਨ੍ਹਾਂ ਅਪੀਲ ਕੀਤੀ ਜੋ ਵੀ ਵਿਅਕਤੀ ਇਸ ਕੰਮ ਨਾਲ ਜੁੜੇ ਹੋਏ ਹਨ, ਉਹ ਪਲਾਸਟਿਕ ਦੇ ਬਦਲ ਨੂੰ ਅੱਗੇ ਲਿਆਉਣ ਤਾਂ ਜੋ ਲੋਕ ਪਲਾਸਟਿਕ ਦੀ ਵਰਤੋਂ ਬੰਦ ਕਰ ਦੇਣ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਤਰਜੀਹ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਕਿਹਾ ਕਿ ਜਿਹੜਾ ਪਲਾਸਟਿਕ ਵਰਤਿਆ ਜਾਂਦਾ ਹੈ, ਉਸ ਦਾ ਸਿਰਫ 9 ਫੀਸਦੀ ਹੀ ਮੁੜ ਵਰਤੋਂ ’ਚ ਆਉਦਾ ਹੈ, ਬਾਕੀ 91 ਫੀਸਦੀ ਵਾਤਾਵਰਣ ਵਿਚ ਹੀ ਰਹਿੰਦਾ ਹੈ। ਇਸ ਮੌਕੇ ਪਲਾਸਟਿਕ ਦੇ ਨੁਕਸਾਨਾਂ ਬਾਰੇ ਵੀਡੀਓ ਕਲਿੱਪ ਅਤੇ ਪਲਾਸਟਿਕ ਦੇ ਬਦਲ ਬਾਰੇ ਪ੍ਰੈਜ਼ੈਂਟੇਸ਼ਨ ਵੀ ਦਿੱਤੀ ਗਈ। ਇਸ ਮੌਕੇ ਵਾਈਐੱਸ ਸਕੂਲ ਦੀ ਗਿਆਰਵੀਂ ਜਮਾਤ ਦੀ ਮਨੀਸ਼ਾ ਸ਼ਰਮਾ ਅਤੇ ਖੁਸ਼ੀ ਮਲਹੋਤਰਾ ਵੱਲੋਂ ਵਾਤਾਵਰਣ ’ਤੇ ਭਾਸ਼ਣ ਦਿੱੱਤਾ ਗਿਆ ਤੇ ਬਾਰਵੀਂ ਦੀ ਲਵਲੀਨ ਨੇ ਕਵਿਤਾ ਪੇਸ਼ ਕੀਤੀ। ਇਸ ਮੌਕੇ ਮਹਿਮਾਨਾਂ ਅਤੇ ਅਧਿਕਾਰੀਆਂ ਦਾ ਪੌਦੇ ਦੇ ਕੇ ਸਨਮਾਨ ਕੀਤਾ ਗਿਆ ਅਤੇ ਸਾਰੇ ਹਾਜ਼ਰੀਨ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤਿਆਰ ਜੂਟ ਦੇ ਥੈਲੇ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟ੍ਰੇਟ ਗੋਪਾਲ ਸਿੰਘ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਵਿੱਕੀ ਬਾਂਸਲ ਅਤੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ, ਮਿਉਸਿਪਲ ਕੌਸ਼ਲਰ ਰੁਪਿੰਦਰ ਸਿੰਘ ਸੀਤਲ, ਹਸਨਪ੍ਰੀਤ ਸਿੰਘ, ਇਸ਼ਵਿੰਦਰ ਜੰਡੂ, ਵਪਾਰ ਮੰਡਲ ਤੋਂ ਅੰਕੁਰ ਗੋਇਲ ਤੇ ਹੋਰ ਅਹੁਦੇਦਾਰ, ਪਤਵੰਤੇ ਤੇ ਵਿਦਿਆਰਥੀ ਹਾਜ਼ਰ ਸਨ।
ਬਾਕਸ ਆਈਟਮ
ਇਸ ਮੌਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਅਤੁਲ ਕੌਸ਼ਲ ਨੇ ਪਲਾਸਟਿਕ ਦੀਆਂ ਸਟਿਕਸ ਵਾਲੀਆਂ ਈਅਰ ਬਡਜ਼, ਗੁਬਾਰਿਆਂ ਲਈ ਪਲਾਸਟਿਕ ਦੀਆਂ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸ ਕਰੀਮ ਸਟਿਕਸ, ਸਜਾਵਟ ਲਈ ਪੋਲੀਸਟਾਈਰੀਨ (ਥਰਮੋਕੋਲ), ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਸਟਰਾਅ, ਟਰੇਅ, ਮਿਠਾਈਆਂ, ਸੱਦਾ ਪੱਤਰ ਅਤੇ ਸਿਗਰਟ ਦੇ ਡੱਬਿਆਂ ਦੇ ਆਲੇ ਦੁਆਲੇ ਲਪੇਟਣ ਜਾਂ ਪੈਕਿੰਗ ਕਰਨ ਵਾਲੀਆਂ ਫਿਲਮਾਂ, ਪਲਾਸਟਿਕ ਜਾਂ ਪੀਵੀਸੀ ਬੈਨਰ 100 ਮਾਈਕਰੋਨ ਤੋਂ ਘੱਟ ਸ਼ੀਟ ਵਰਤਣ ’ਤੇ ਪਾਬੰਦੀ ਲਾਗੂ ਹੈ।