ਜਲੰਧਰ, 12 ਅਗਸਤ (ਜੀ98 ਨਿਊਜ਼ ਸਰਵਿਸ) :
ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮ ’ਤੇ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਖੇਡ ਮੇਲੇ ਦਾ ਉਦਘਾਟਨ ਕਰਨਗੇ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਦਾ ਮਾਹੌਲ ਪੈਦਾ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਦੇ ਤਮਗਾ ਜੇਤੂ 18 ਖਿਡਾਰੀਆਂ ਲਈ ਨਗਦ ਇਨਾਮ ਦਾ ਵੀ ਐਲਾਨ ਵੀ ਮੁੱਖ ਮੰਤਰੀ ਨੇ ਕੀਤਾ ਹੈ। ਪੰਜਾਬ ਦੇ 18 ਖਿਡਾਰੀਆਂ ਨੇ 3 ਚਾਂਦੀ ਤੇ 4 ਕਾਂਸੀ ਦੇ ਤਮਗੇ ਜਿੱਤੇ। ਚਾਂਦੀ ਦਾ ਤਮਗਾ ਜੇਤੂ ਨੂੰ 50 ਲੱਖ ਰੁਪਏ ਤੇ ਕਾਂਸੀ ਦਾ ਤਮਗਾ ਜੇਤੂ ਨੂੰ 40 ਲੱਖ ਰੁਪਏ ਦਿੱਤੇ ਜਾਣਗੇ । ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਇਸ ਖੇਡ ਮਹਾਂਕੁੰਭ ਵਿੱਚ ਗਰੇਡਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ ਖੇਡਾਂ ਵਿੱਚ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ 4 ਲੱਖ ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਇਹ ਖੇਡ ਮੇਲਾ ਦੋ ਮਹੀਨੇ ਤੱਕ ਚੱਲੇਗਾ। ਇਸ ਸਬੰਧੀ ਹਿੱਸਾ ਲੈਣ ਦੇ ਇਛੁੱਕ ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜਿਹੜੀ 11 ਅਗਸਤ ਤੋਂ 25 ਅਗਸਤ ਤੱਕ ਹੋਵੇਗੀ। ਖੇਡ ਮੇਲੇ ਵਿੱਚ ਪੈਰਾ ਸਪੋਰਟਸ ਵਾਲੇ ਖਿਡਾਰੀਆਂ ਲਈ ਵੀ ਮੁਕਾਬਲੇ ਹੋਣਗੇ। ਰਾਜ ਪੱਧਰ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ 10 ਹਜ਼ਾਰ ਰੁਪਏ, 7 ਹਜ਼ਾਰ ਰੁਪਏ ਤੇ 5 ਹਜ਼ਾਰ ਰੁਪਏ ਅਤੇ ਸਰਟੀਫਿਕੇਟ ਮਿਲਣਗੇ। ਕੁੱਲ 6 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ। ਸਾਰੇ ਜੇਤੂ ਖਿਡਾਰੀ ਸੂਬੇ ਦੀ ਗਰੇਡਸ਼ਨ ਨੀਤੀ ਵਿੱਚ ਕਵਰ ਹੋਣਗੇ। ਖੇਡ ਮੇਲੇ ਦੌਰਾਨ ਜੇਤੂਆਂ ਤੋਂ ਇਲਾਵਾ ਹੋਰਨਾਂ ਖਿਡਾਰੀਆਂ ਵਿੱਚੋਂ ਵੀ ਡੋਪ ਟੈਸਟ ਕੀਤੇ ਜਾਣਗੇ। ਸ੍ਰੀ ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਖਿਡਾਰੀਆਂ ਵਿੱਚ ਹੁਨਰ ਤੇ ਸਮਰੱਥਾ ਦੀ ਘਾਟ ਨਹੀਂ ਹੈ, ਲੋੜ ਸਿਰਫ ਇਸ ਦੀ ਸ਼ਨਾਖਤ ਕਰਕੇ ਸ਼ਿੰਗਾਰਨ ਦੀ ਹੈ। ਇਸ ਖੇਡ ਮੇਲੇ ਵਿੱਚ ਪੰਜਾਬ ਦਾ ਹਰ ਪਿੰਡ ਤੇ ਸ਼ਹਿਰ ਕਵਰ ਹੋਵੇਗਾ। ਖੇਡ ਮੰਤਰੀ ਨੇ ਸੂਬਾ ਵਾਸੀਆਂ ਨੂੰ ਪੰਜਾਬ ਖੇਡ ਮੇਲੇ ਦੇ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਦੀ ਅਪੀਲ ਵੀ ਕੀਤੀ ।










