ਬਰਨਾਲਾ, 11 ਅਗਸਤ (ਨਿਰਮਲ ਸਿੰਘ ਪੰਡੋਰੀ) :
-ਪੰਜਾਬ ਅੰਦਰ ਲੰਪੀ ਚਮੜੀ ਰੋਗ ਜਾਂ ਚਮੜੀ ਦੀਆਂ ਗੱਠਾਂ ਦੀ ਬਿਮਾਰੀ ਨੇ ਮੱਝਾਂ ਅਤੇ ਗਾਵਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ,ਜਿਸ ਕਾਰਨ ਪਸ਼ੂ ਪਾਲਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੋਣ ਕਾਰਨ ਉਹ ਔਖੇ ਸਮੇਂ ‘ਚੋਂ ਲੰਘ ਰਹੇ ਹਨ।“ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ (ਕੇ.ਵਾਈ.ਓ.ਆਈ.) ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ‘ਚ ਕੀਤਾ। ਉਨਾਂ ਅੱਗੇ ਕਿਹਾ ਕਿ ਲੰਪੀ ਚਮੜੀ ਰੋਗ ਪਸ਼ੂਆਂ ‘ਚ ਵਿਸ਼ਾਣੂ ਕਾਰਨ ਹੋਣ ਵਾਲੀ ਇੱਕ ਬਿਮਾਰੀ ਹੈ। ਇਸ ਬਿਮਾਰੀ ਨੇ ਦੱਖਣੀ ਭਾਰਤ ਦੇ ਰਾਜਾਂ ਤੋਂ ਸ਼ੁਰੂ ਹੋ ਕੇ ਉੱਤਰੀ ਭਾਰਤ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ।ਵੈਟਰਨਰੀ ਮੈਡੀਸਨ ਵਿਭਾਗ ਅਨੁਸਾਰ ਮੱਛਰਾਂ,ਮੱਖੀਆਂ ਅਤੇ ਚਿੱਚੜ ਇਸ ਬਿਮਾਰੀ ਨੂੰ ਫੈਲਾਉਣ ‘ਚ ਕਿ੍ਰਆਸ਼ੀਲ ਹੁੰਦੇ ਹਨ। ਇਹ ਬਿਮਾਰੀ ਜ਼ਿਆਦਾਤਰ ਗਰਮ ਅਤੇ ਹੁੰਮਸ ਵਾਲੇ ਮੌਸਮ ‘ਚ ਹੁੰਦੀ ਹੈ। ਇਸ ਬਿਮਾਰੀ ਨਾਲ ਗ੍ਰਸਤ ਪਸ਼ੂ ਨੂੰ 2-3 ਦਿਨ ਲਈ ਹਲਕਾ ਬੁਖਾਰ ਹੁੰਦਾ ਹੈ ਅਤੇ ਪੂਰੇ ਸਰੀਰ ਦੀ ਚਮੜੀ ਉੱਤੇ 2-5 ਸੈਂਟੀਮੀਟਰ ਦੀਆਂ ਸਖਤ ਗੱਠਾਂ ਉੱਭਰ ਆਉਂਦੀਆਂ ਹਨ। ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਅਲੱਗ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਨਿਰਮਲ ਦੋਸਤ ਨੇ ਕਿਹਾ ਕਿ ਪੰਜਾਬ ‘ਚ ਲੰਪੀ ਚਮੜੀ ਦੀ ਬਿਮਾਰੀ ਕਾਰਨ ਹਜ਼ਾਰਾਂ ਪਸ਼ੂ ਮਰ ਰਹੇ ਹਨ ਅਤੇ ਮਰੇ ਹੋਏ ਪਸ਼ੂ ਸੜਕਾਂ ‘ਤੇ ਰੁਲ ਰਹੇ ਹਨ। ਪਸ਼ੂਆਂ ਤੋਂ ਬਾਦ ਮਨੁੱਖ ਜਾਤੀ ਦਾ ਵੀ ਇਸ ਬਿਮਾਰੀ ਦੀ ਲਪੇਟ ‘ਚ ਆਉਣ ਦਾ ਡਰ ਸਤਾ ਰਿਹਾ ਹੈ। ਨਿਰਮਲ ਦੋਸਤ ਨੇ ਦੁਖੀ ਮਨ ਨਾਲ ਕਿਹਾ ਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਆਰਥਿਕ ਪੱਖ ਤੋਂ ਕਮਜ਼ੋਰ ਹਨ ਤੇ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਪਸ਼ੂ ਪਾਲਕਾਂ ਦੇ ਉਕਤ ਬਿਮਾਰੀ ਕਾਰਨ ਪੈਦਾ ਹੋਏ ਦੁੱਖ-ਦਰਦ ਨੂੰ ਸਮਝਣ ਦੇ ਮਾਮਲੇ ‘ਚ ਪੂਰੀ ਤਰਾਂ ਫੇਲ ਸਾਬਤ ਹੋਈ ਹੈ। ਉਨਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਹ ਲੰਪੀ ਚਮੜੀ ਬਿਮਾਰੀ ਨੂੰ ਰੋਕਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਪਸ਼ੂ ਪਾਲਕਾਂ ਨੂੰ ਸੁਖ ਦਾ ਸਾਹ ਆ ਸਕੇ।











