ਬਰਨਾਲਾ , 01 ਸਤੰਬਰ (ਨਿਰਮਲ ਸਿੰਘ ਪੰਡੋਰੀ) :
ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਿਲਾਫ਼ ਦਰਜ਼ ਮੁਕੱਦਮਿਆਂ ਦਾ ਵੇਰਵਾ ਮੰਗ ਲਿਆ ਹੈ। ਬਿਸ਼ਨੋਈ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਨੂੰ ਪੁੱਛਿਆ ਕਿ ਲਾਰੈਂਸ ਬਿਸ਼ਨੋਈ ਨੂੰ ਹੋਰ ਕਿੰਨੇ ਦਿਨਾਂ ਤੱਕ ਪੰਜਾਬ ਪੁਲਿਸ ਹਿਰਾਸਤ ਵਿੱਚ ਰੱਖੇਗੀ ? ਜ਼ਿਕਰਯੋਗ ਹੈ ਕਿ ਬਿਸ਼ਨੋਈ ਪੰਜਾਬੀ ਗਾਇਕ ਸਿੱਧੂ ਮੂਮੇਵਾਲਾ ਦੇ ਕਤਲ ਮਾਮਲੇ ’ਚ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ ਜਿਸ ਨੂੰ ਕਤਲ ਤੋਂ ਬਾਅਦ 13 ਜੂਨ ਨੂੰ ਤਿਹਾੜ ਜੇਲ ’ਚੋਂ ਪੁੱਛਗਿੱਛ ਲਈ ਪੰਜਾਬ ਲਿਆਂਦਾ ਗਿਆ ਸੀ। ਪੁਲਿਸ ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਮੰਨ ਰਹੀ ਹੈ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਪੁਲਿਸ ਨੂੰ ਸਵਾਲ ਕੀਤਾ ਕਿ ਬਿਸ਼ਨੋਈ ਨੂੰ ਪੰਜਾਬ ’ਚ ਹੋਰ ਕਿੰਨਾਂ ਸਮਾਂ ਰੱਖਣ ਦੀ ਯੋਜਨਾ ਹੈ ਅਤੇ ਕੋਰਟ ਨੇ ਅਗਲੀ ਸੁਣਵਾਈ 13 ਸਤੰਬਰ ਨੂੰ ਸਾਰੇ ਵੇਰਵੇ ਪੇਸ਼ ਦੇ ਹੁਕਮ ਦਿੱਤੇ। ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਹੁਣ ਤੱਕ ਅੰਮਿ੍ਤਸਰ , ਹੁਸਿਆਰਪੁਰ, ਮੋਗਾ, ਫਰੀਦਕੋਟ, ਮੋਹਾਲੀ ਜ਼ਿਲਿਆਂ ਵਿੱਚ ਰੱਖ ਕੇ ਪੁੱਛਗਿੱਛ ਕਰ ਚੁੱਕੀ ਹੈ ਅਤੇ ਕਰ ਰਹੀ ਹੈ। ਸੁਪਰੀਮ ਕੋਰਟ ਵਿੱਚ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਕਿਹਾ ਕਿ ਪੰਜਾਬ ਪੁਲਿਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਮਾਨਸਾ ਲੈ ਕੇ ਗਈ ਸੀ , ਜਿੱਥੋ ਉਸ ਨੂੰ ਪੁਰਾਣੇ ਦਰਜ ਹੋਏ ਕੇਸਾਂ ਵਿੱਚ ਪੁੱਛਗਿਛ ਲਈ ਹੋਰ ਜ਼ਿਲਿਆਂ ਵਿੱਚ ਰੱਖਿਆ ਜਾ ਰਿਹਾ ਹੈ। ਬਿਸ਼ਨੋਈ ਦੇ ਵਕੀਲ ਦੇ ਇਸ ਤਰਕ ਤੋਂ ਬਾਅਦ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਨੂੰ ਬਿਸ਼ਨੋਈ ਦੇ ਖਿਲਾਫ਼ ਦਰਜ ਸਾਰੇ ਮਾਮਲਿਆਂ ਸੰਬੰਧੀ ਹਲਫ਼ਨਾਮਾ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।









