ਬਰਨਾਲਾ, 1 ਅਕਤੂਬਰ (ਨਿਰਮਲ ਸਿੰਘ ਪੰਡੋਰੀ) :
ਭਗਵੰਤ ਮਾਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਭਰੋਸਗੀ ਮਤੇ ਸੰਬੰਧੀ ਵੱਡੀ ਟਿੱਪਣੀ ਕਰਦੇ ਹੋਏ ਬੀਕੇਯੂ ਏਕਤਾ-ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਕਾਰਵਾਈ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ ਹੈ। ਸਥਾਨਕ ਅਨਾਜ ਮੰਡੀ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਜੋਗਿੰਦਰ ਸਿੰਘ ਉਗਰਾਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ‘ਆਪ’ ਸਰਕਾਰ ਹੋਰਾਂ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਹੀ ਸਿਆਸੀ ਡਰਾਮੇਬਾਜ਼ੀਆਂ ਕਰਨ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਕੋਲ ਪਹਿਲਾਂ ਹੀ 92 ਵਿਧਾਇਕ ਹਨ ਉਹ ਪਾਰਟੀ ਵਿਧਾਨ ਸਭਾ’ਚ ਭਰੋਸਗੀ ਮਤਾ ਲਿਆਉਣ ਦੀਆਂ ਗੱਲਾਂ ਕਰੇ ਤਾਂ ਏਸ ਤੋਂ ਵੱਡੀ ਕੋਈ ਡਰਾਮੇਬਾਜ਼ੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਵੋਟਰਾਂ ਨੇ ਜ਼ਿਮਨੀ ਚੋਣ ਦੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਭਰੋਸਾ ਦਰਸਾ ਦਿੱਤਾ ਹੈ ਜਿਸ ਵਿੱਚ ‘ਆਪ’ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਜੋਗਿੰਦਰ ਸਿੰਘ ਉਗਰਾਹਾਂ ਨੇ ਸਿੱਧੇ ਤੌਰ ’ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਚੈਲਿਜ ਕਰਦੇ ਹੋਏ ਕਿਹਾ ਕਿ ਜੇਕਰ ਭਗਵੰਤ ਮਾਨ ਨੇ ਭਰੋਸਾ ਸ਼ਬਦ ਦੀ ਅਸਲ ਪਰਿਭਾਸ਼ਾ ਜਾਨਣੀ ਹੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਲੋਕਾਂ ਦੀ ਕਚਿਹਰੀ ਵਿੱਚ ਦੁਬਾਰਾ ਵੋਟਾਂ ਮੰਗਣ ਲਈ ਆਉਣਾ ਚਾਹੀਦਾ ਹੈ। ਉਗਰਾਹਾਂ ਨੇ ਟਿੱਪਣੀ ਕੀਤੀ ਕਿ ਭਗਵੰਤ ਮਾਨ ਨੂੰ ਆਪਣੇ 92 ਵਿਧਾਇਕਾਂ ਤੋਂ ਨਹੀਂ ਸਗੋਂ ਸੂਬੇ ਦੇ ਲੋਕਾਂ ਤੋਂ ਭਰੋਸਗੀ ਮਤਾ ਪਾਸ ਕਰਵਾਉਣਾ ਚਾਹੀਦਾ ਹੈ। ਜੋਗਿੰਦਰ ਸਿੰਘ ੳਗਰਾਹਾਂ ਦੀ ਇਹ ਟਿੱਪਣੀ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਦਿਖਾਉਂਦੀ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਖ਼ਾਸ ਕਰਕੇ ਮਾਲਵਾ ਖੇਤਰ ਵਿੱਚ ਬੀਕੇਯੂ ਉਗਰਾਹਾਂ ਦੇ ਵਰਕਰਾਂ ਦਾ ਬਹੁਗਿਣਤੀ ਵੋਟ ਬੈਂਕ ਆਮ ਆਦਮੀ ਪਾਰਟੀ ਦੇ ਖ਼ਾਤੇ ਵਿੱਚ ਗਿਆ ਮੰਨਿਆ ਜਾ ਰਿਹਾ ਹੈ, ਜੇਕਰ ‘ਆਪ’ ਦੇ ਸਿਰਫ 6 ਮਹੀਨੇ ਦੇ ਰਾਜ ਦੌਰਾਨ ਹੀ ਇੱਕ ਵੱਡੀ ਕਿਸਾਨ ਜਥੇਬੰਦੀ ਦੇ ਇਹੋ ਜਿਹੇ ਵਿਚਾਰ ਬਣ ਚੁੱਕੇ ਹਨ ਤਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਸਿਆਸੀ ਸਮੀਕਰਨਾਂ ਦਾ ਨਕਸ਼ਾ ਸੌਖਾ ਬਣਾਇਆ ਜਾ ਸਕਦਾ ਹੈ। ਇੱਥੇ ਇਸ ਗੱਲ ਦੀ ਚਰਚਾ ਵੀ ਜ਼ਰੂਰੀ ਹੈ ਕਿ ਬੀਕੇਯੂ ਉਗਰਾਹਾਂ ਆਮ ਆਦਮੀ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਨਾਮ ਲੋੜ ਤੋਂ ਜ਼ਿਆਦਾ ਵਰਤਣ ਕਰਕੇ ਵੀ ਔਖੀ ਹੈ। ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਰੈਲੀ ਵਿੱਚ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੰਧੋਨ ਕਰਦੇ ਹੋਏ ਖ਼ੁਦ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀਕਲਾਂ, ਝੰਡਾ ਸਿੰਘ ਜੇਠੂਕੇ ਅਤੇ ਇਸਤਰੀ ਆਗੂ ਹਰਿੰਦਰ ਬਿੰਦੂੁ ਸਮੇਤ ਬਹੁਤੇ ਬੁਲਾਰਿਆਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਉਣ ਸੰਬੰਧੀ ਇਹੋ ਟਿੱਪਣੀ ਕੀਤੀ ਕਿ ਭਗਤ ਸਿੰਘ ਦੀ ਫੋਟੋ ਲਗਾ ਕੇ ਅਤੇ ਬਸੰਤੀ ਰੰਗ ਦੀ ਪੱਗ ਬੰਨ ਕੇ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ। ਜਥੇਬੰਦੀ ਦੇ ਬੁਲਾਰਿਆਂ ਨੇ ਇਹ ਵੀ ਉਜਰ ਜਤਾਇਆ ਕਿ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ-ਛੋਟੇ ਆਗੂੁਆਂ ਵੱਲੋਂ ਅਕਸਰ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਗਾਇਆ ਜਾਂਦਾ ਹੈ ਪ੍ਰੰਤੂ ‘ਸਾਮਰਾਜਵਾਦ ਮੁਰਦਾਬਾਦ’ ਕਹਿਣ ਲਈ ‘ਆਪ’ ਆਗੂਆਂ ਦੀ ਜ਼ੁਬਾਨ ਨਹੀਂ ਖੁੱਲਦੀ ਜਦਕਿ ਸ਼ਹੀਦ ਭਗਤ ਸਿੰਘ ਨੇ ‘ਇਨਕਲਾਬ ਜ਼ਿੰਦਾਬਾਦ -ਸਾਮਰਾਜਵਾਦ ਮੁਰਦਾਬਾਦ’ ਦਾ ਪੂਰਾ ਨਾਅਰਾ ਦਿੱਤਾ ਸੀ। ਜਥੇਬੰਦੀ ਦੇ ਬੁਲਾਰਿਆਂ ਦਾ ਤਰਕ ਹੈ ਕਿ ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਦਾ ਸਿਰਫ਼ ਨਾਮ ਹੀ ਵਰਤ ਰਹੀ ਹੈ ਜਦਕਿ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਵਿਚਾਰਧਾਰਾ ਤੋਂ ਆਮ ਆਦਮੀ ਪਾਰਟੀ ਕੋਹਾਂ ਦੂਰ ਹੈ ਜਿਸ ਦਾ ਸਬੂਤ ਭਗਵੰਤ ਮਾਨ ਜਰਮਨ ਦੀਆਂ ਕੰਪਨੀਆਂ ਨੂੰ ਪੰਜਾਬ ’ਚ ਕਾਰੋਬਾਰ ਸਥਾਪਤ ਕਰਨ ਦਾ ਸੱਦਾ ਪੱਤਰ ਦੇ ਰਿਹਾ ਹੈ। ਬੀਕੇਯੂ ਉਗਰਾਹਾਂ ਦੇ ਆਮ ਆਦਮੀ ਪਾਰਟੀ ਪ੍ਰਤੀ ਇਸ ਰੁਝਾਨ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਸਾਮਰਾਜਵਾਦ ਦੇ ਖਿਲਾਫ਼ ਵਿਚਾਰਧਾਰਕ ਪਲੇਟਫਾਰਮ ’ਤੇ ਚੱਲਣ ਦਾ ਦਾਅਵਾ ਕਰਨ ਵਾਲੀ ਇੱਕ ਵੱਡੀ ਕਿਸਾਨ ਜਥੇਬੰਦੀ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਦੀ ਵਰਤੋਂ ਨੂੰ ਤਰਕ ਨਾਲ ਰੱਦ ਕੀਤਾ ਜਾ ਰਿਹਾ ਹੈ ਜਾਂ ਫਿਰ ਸਾਮਰਾਜਵਾਦ ਮੁਰਦਾਬਾਦ ਕਹਿਣ ਨੂੰ ਚੈਲਿਜ ਕੀਤਾ ਜਾ ਰਿਹਾ ਹੈ।









