Gee 98News

ਅਕਸ਼ਦੀਪ ਸਿੰਘ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਪੂਰੇ ਇਲਾਕੇ ਦਾ ਨਾਂਅ ਚਮਕਾਇਆ: ਸਿਮਰਨਜੀਤ ਸਿੰਘ ਮਾਨ

– ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਅਕਸ਼ਦੀਪ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਬਰਨਾਲਾ 06 ਮਾਰਚ (ਨਿਰਮਲ ਸਿੰਘ ਪੰਡੋਰੀ)-

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਨੌਜਵਾਨ ਖਿਡਾਰੀ ਅਕਸਦੀਪ ਸਿੰਘ ਕਾਹਨੇਕੇ ਦੇ ਘਰ ਜਾ ਕੇ ਪਰਿਵਾਰ ਨਾਲ ਮੁਲਾਕਾਤ ਕਰਕੇ ਅਕਸਦੀਪ ਸਿੰਘ ਵੱਲੋਂ ਹਾਸਲ ਕੀਤੀ ਗਈ ਉਪਲਬੱਧੀ ਲਈ ਮੁਬਾਰਕਵਾਦ ਦਿੱਤੀ |ਸ. ਮਾਨ ਨੇ ਕਿਹਾ ਕਿ ਅਕਸਦੀਪ ਸਿੰਘ ਨੇ ਪੈਦਲ ਚਾਲ ਵਿੱਚ ਜਿੱਥੇ ਨਵਾਂ ਰਿਕਾਰਡ ਬਣਾਇਆ ਹੈ, ਉੱਥੇ ਹੀ ਵਿਸ਼ਵ ਪੱਧਰ ਦੀਆਂ ਖੇਡਾਂ ਲਈ ਕੁਆਲੀਫਾਈ ਕਰਕੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਪੂਰੇ ਇਲਾਕੇ ਦਾ ਨਾਂਅ ਚਮਕਾਇਆ ਹੈ | ਅਕਸਦੀਪ ਸਿੰਘ ਦੀ ਇਸ ਉਪਲੱਬਧੀ ‘ਤੇ ਪੂਰੇ ਪੰਜਾਬ ਨੂੰ  ਮਾਣ ਹੈ | ਸ. ਮਾਨ ਨੇ ਕਿਹਾ ਕਿ ਅਜਿਹੇ ਹੁਨਰਮੰਦ ਖਿਡਾਰੀਆਂ ਦੇ ਸਹਿਯੋਗ ਲਈ ਮੇਰੇ ਅਤੇ ਮੇਰੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ | ਸ. ਮਾਨ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਹੁਨਰਮੰਦ ਖਿਡਾਰੀ ਬੈਠੇ ਹਨ, ਜਿਨ੍ਹਾਂ ਦੇ ਹੁਨਰ ਨੂੰ  ਉਭਾਰਨ ਲਈ ਸਰਕਾਰਾਂ ਨੂੰ  ਵੱਡੇ ਪੱਧਰ ‘ਤੇ ਉਪਰਾਲੇ ਕਰਨੇ ਚਾਹੀਦੇ ਹਨ | ਉਨ੍ਹਾਂ ਪਰਿਵਾਰ ਨੂੰ  ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ ਅਤੇ ਪਰਿਵਾਰ ਦੀ ਮੰਗ ‘ਤੇ ਪਿੰਡ ਲਈ ਇੱਕ ਓਪਨ ਜਿੰਮ ਦਾ ਐਲਾਨ ਕੀਤਾ | ਇਸ ਮੌਕੇ ਅਕਸ਼ਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ, ਮਾਤਾ ਰੁਪਿੰਦਰ ਕੌਰ ਅਤੇ ਪਰਿਵਾਰ ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦਾ ਘਰ ਪਹੁੰਚਣ ‘ਤੇ ਸਵਾਗਤ ਕੀਤਾ ਗਿਆ | ਇਸ ਮੌਕੇ ਸ. ਮਾਨ ਦੇ ਨਾਲ ਪਾਰਟੀ ਦੇ ਜਥੇਦਾਰ ਨੰਦ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਅਮਰੀਕ ਸਿੰਘ, ਕਰਮਜੀਤ ਸਿੰਘ, ਸੁਖਪਾਲ ਸਿੰਘ, ਡਾ. ਗੁਰਦੀਪ ਸਿੰਘ ਢਿੱਲੋਂ ਸਮੇਤ ਹੋਰ ਆਗੂ ਵੀ ਹਾਜਰ ਸਨ |
———

Gee98 Ads
error: Content is protected !!