-ਅਜਿਹਾ ਹੋਣ ਦੀ ਸੂਰਤ ਵਿੱਚ ਪਤੀ ਮੰਗ ਸਕਦਾ ਹੈ ਤਲਾਕ
- ਚੰਡੀਗੜ੍ਹ – ਆਮ ਤੌਰ ‘ਤੇ ਸਾਡੇ ਦੇਸ਼ ਦੀਆਂ ਅਦਾਲਤਾਂ ਵੱਲੋਂ ਪਤੀ-ਪਤਨੀ ਵਿੱਚ ਝਗੜਾ ਹੋਣ ਦੀ ਸੂਰਤ ‘ਚ ਪਤਨੀ ਨੂੰ ਤਲਾਕ ਮੰਗਣ ਦੇ ਮਾਮਲੇ ਵਿਚ ਪਹਿਲ ਦਿੱਤੀ ਜਾਂਦੀ ਰਹੀ ਹੈ ਪ੍ਰੰਤੂ ਹੁਣ ਮਾਨਯੋਗ ਹਾਈਕੋਰਟ ਨੇ ਇਸ ਮਾਮਲੇ ਵਿੱਚ ਪਹਿਲਾਂ ਨਾਲੋਂ ਕੁਝ ਹਟ ਕੇ ਵੱਖਰਾ ਇਤਿਹਾਸਕ ਫੈਸਲਾ ਸੁਣਾਇਆ ਹੈ । ਮਾਨਯੋਗ ਕਲਕੱਤਾ ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਬਿਨਾਂ ਕਿਸੇ ਕਾਰਨ ਉਸ ਦੇ ਮਾਤਾ-ਪਿਤਾ ਤੋਂ ਵੱਖ ਰਹਿਣ ਲਈ ਉਸ ਦੀ ਪਤਨੀ ਮਜ਼ਬੂਰ ਕਰਦੀ ਹੈ ਤਾਂ ਉਹ ਮਾਨਸਿਕ ਅੱਤਿਆਚਾਰ ਦੇ ਆਧਾਰ ‘ਤੇ ਤਲਾਕ ਲਈ ਪਟੀਸ਼ਨ ਦਾਇਰ ਕਰ ਸਕਦਾ ਹੈ । ਜਾਣਕਾਰੀ ਅਨੁਸਾਰ ਇਕ ਔਰਤ ਆਪਣੇ ਪਤੀ ਉੱਪਰ ਦਬਾਅ ਬਣਾ ਰਹੀ ਸੀ ਕਿ ਉਹ ਮਾਪਿਆਂ ਤੋਂ ਵੱਖ ਹੋ ਜਾਵੇ ਅਤੇ ਦੋਵੇਂ ਪਤੀ-ਪਤਨੀ ਕਿਤੇ ਦੂਰ ਰਹਿਣ ਪ੍ਰੰਤੂ ਪਤੀ ਆਪਣੇ ਮਾਪਿਆਂ ਤੋਂ ਵੱਖ ਨਹੀਂ ਹੋਣਾ ਚਾਹੁੰਦਾ ਸੀ । ਪਤਨੀ ਦੇ ਦਬਾਅ ਤੋਂ ਪਰੇਸ਼ਾਨ ਹੋ ਕੇ ਪਤੀ ਨੇ ਪਰਿਵਾਰਕ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਸੀ ਜਿਸ ਨੂੰ ਪਰਿਵਾਰਕ ਅਦਾਲਤ ਨੇ ਮਨਜ਼ੂਰ ਕਰ ਲਿਆ ਅਤੇ ਔਰਤ ਨੂੰ ਆਪਣੇ ਪਤੀ ਨੂੰ ਤਲਾਕ ਦੇਣ ਲਈ ਕਿਹਾ । ਪਰਿਵਾਰਕ ਅਦਾਲਤ ਦੇ ਇਨ੍ਹਾਂ ਹੁਕਮਾਂ ਨੂੰ ਪਤਨੀ ਨੇ ਮਾਨਯੋਗ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਥੇ ਸੁਣਵਾਈ ਕਰਦੇ ਹੋਏ ਕਲਕੱਤਾ ਹਾਈਕੋਰਟ ਦੇ ਦੋ ਮੈਂਬਰੀ ਬੈਂਚ ਨੇ ਔਰਤ ਦੀ ਪਟੀਸ਼ਨ ਖਾਰਜ ਕਰ ਦਿੱਤੀ ਆਪੇ ਪਤਨੀ ਨੂੰ ਤਲਾਕ ਦੇਣ ਲਈ ਹੁਕਮ ਦਿੱਤਾ ।