-ਨਿਰਮਲ ਭੰਗੂ ਦੀ ਜ਼ਮਾਨਤ ਕਰਵਾਉਣ ਬਦਲੇ ਲਏ ਸਨ ਪੈਸੇ
ਲੁਧਿਆਣਾ, 24 ਜੂਨ-(Gee98 news service)-
ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ “ਪਰਲ ਗਰੁੱਪ” ਦੇ ਮਾਲਕ ਨਿਰਮਲ ਸਿੰਘ ਭੰਗੂ ਨੂੰ ਕਾਂਗਰਸ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਠੱਗ ਲਿਆ ਹੈ । ਪੁਲਿਸ ਨੇ ਪ੍ਰੀਤਮ ਸਿੰਘ ਕੋਟਭਾਈ ਅਤੇ ਹੋਰ ਵਿਅਕਤੀਆਂ ਦੇ ਖਿਲਾਫ ਨਿਰਮਲ ਸਿੰਘ ਭੰਗੂ ਨਾਲ 3.5 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ । ਵੇਰਵੇ ਅਨੁਸਾਰ ਨਿਰਮਲ ਸਿੰਘ ਭੰਗੂ ਦੇ ਭਤੀਜੇ ਸਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਚਾਚੇ ਨਿਰਮਲ ਸਿੰਘ ਭੰਗੂ ਦੀ ਬਠਿੰਡਾ ਜੇਲ੍ਹ ਵਿਚੋਂ ਜ਼ਮਾਨਤ ਕਰਵਾਉਣ ਬਦਲੇ ਪ੍ਰੀਤਮ ਸਿੰਘ ਕੋਟਭਾਈ ਨਾਲ ਪੰਜ ਕਰੋੜ ਰੁਪਏ ਵਿੱਚ ਸੌਦਾ ਤਹਿ ਹੋ ਗਿਆ ਜਿਸ ਵਿੱਚੋਂ ਸਾਢੇ ਤਿੰਨ ਕਰੋੜ ਰੁਪਏ ਪ੍ਰੀਤਮ ਸਿੰਘ ਕੋਟਭਾਈ ਨੂੰ ਦੇ ਦਿੱਤੇ ਗਏ । ਇਹ ਪੈਸੇ ਪ੍ਰੀਤਮ ਸਿੰਘ ਕੋਟਭਾਈ ਦੇ ਕਹਿਣ ‘ਤੇ ਵੱਖ-ਵੱਖ ਫਰਮਾਂ ਦੇ ਖਾਤਿਆਂ ਵਿੱਚ ਪਾਏ ਗਏ ਪ੍ਰੰਤੂ ਬਾਅਦ ਵਿੱਚ ਪਤਾ ਲੱਗਾ ਅਤੇ ਜਿਨ੍ਹਾਂ ਫਰਮਾਂ ਦੇ ਖਾਤਿਆਂ ਵਿੱਚ ਪ੍ਰੀਤਮ ਸਿੰਘ ਕੋਟਭਾਈ ਨੇ ਸਾਢੇ ਤਿੰਨ ਕਰੋੜ ਰੁਪੈ ਪਵਾਏ ਹਨ ਉਹ ਫ਼ਰਮਾਂ ਜਾਅਲੀ ਹਨ । ਸਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਪ੍ਰੀਤਮ ਸਿੰਘ ਕੋਟਭਾਈ ਨੇ ਉਸਦੇ ਚਾਚੇ ਨਿਰਮਲ ਸਿੰਘ ਭੰਗੂ ਨੂੰ ਭਰੋਸੇ ਵਿੱਚ ਲੈ ਲਿਆ ਕਿ ਸਰਕਾਰ ਵਿੱਚ ਉਸਦੇ ਚੰਗੇ ਸਬੰਧ ਹਨ,ਉਹ ਉਸਦੀ ਬਠਿੰਡਾ ਜੇਲ੍ਹ ਵਿਚੋਂ ਜ਼ਮਾਨਤ ਕਰਵਾ ਦੇਵੇਗਾ । ਲੁਧਿਆਣਾ ਪੁਲਿਸ ਨੇ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਵਿਚ ਮੁਕੱਦਮਾ ਨੰਬਰ 84, ਮਿਤੀ 23/6/23 ਧਾਰਾ 406,420,467,468,471,120B ਆਈਪੀਸੀ ਤਹਿਤ ਦਰਜ ਕੀਤਾ ਹੈ । ਇਸ ਮੁਕੱਦਮੇ ਵਿੱਚ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਤੋਂ ਇਲਾਵਾ ਜੀਵਨ ਸਿੰਘ ਗਿੱਦੜਬਾਹਾ, ਦਲੀਪ ਕੁਮਾਰ ਲਖਨਊ ,ਸੰਜੇ ਸ਼ਰਮਾ ਫਰੀਦਾਬਾਦ, ਸਯਦ ਪ੍ਰਵੇਜ ਲਖਨਊ, ਅਤੇ ਧਰਮਵੀਰ ਗਿੱਦੜਬਾਹਾ ਨੂੰ ਨਾਮਜ਼ਦ ਕੀਤਾ ਗਿਆ ਹੈ ।