Gee 98News

ਪੜ੍ਹਤਾਲ ਸ਼ੁਰੂ : ਜਾਅਲੀ ਡਿਗਰੀਆਂ ਵਾਲੇ ਅਧਿਆਪਕ ਵਿਜੀਲੈਂਸ ਦੇ ਰਾਡਾਰ ‘ਤੇ

ਚੰਡੀਗੜ੍ਹ,19 ਜੁਲਾਈ-ਪੰਜਾਬ ‘ਚ ਜਾਅਲੀ ਡਿਗਰੀਆਂ ਦੇ ਆਧਾਰ ‘ਤੇ ਭਰਤੀ ਹੋਣ ਵਾਲੇ ਅਧਿਆਪਕਾਂ ਸਬੰਧੀ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ । ਪਿਛਲੇ ਦਿਨੀਂ ਮੁਹਾਲੀ ਵਿਖੇ ਸਰਕਾਰੀ ਸਕੂਲ ਵਿੱਚ ਜਾਅਲੀ ਡਿਗਰੀ ਦੇ ਆਧਾਰ ‘ਤੇ ਪ੍ਰਿੰਸੀਪਲ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਗਰਮਾਇਆ ਹੋਇਆ ਹੈ ਅਤੇ ਵਿਜੀਲੈਂਸ ਨੇ ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਦੀ ਪੜਤਾਲ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਵਿਜੀਲੈਂਸ ਕੋਲ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ 13 ਅਧਿਆਪਕ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ਦੀਆਂ ਡਿਗਰੀਆਂ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਹਨ ਅਤੇ ਸ਼ੱਕ ਦੇ ਘੇਰੇ ਵਿੱਚ ਹਨ । ਇਹ ਵੀ ਪਤਾ ਲੱਗਿਆ ਹੈ ਕਿ ਵਿਜੀਲੈਂਸ ਨੇ ਪਿਛਲੇ 20 ਸਾਲਾਂ ਦੌਰਾਨ ਭਰਤੀ ਹੋਏ ਅਧਿਆਪਕਾਂ ਦੀਆਂ ਡਿਗਰੀਆਂ ਦੀ ਪੜ੍ਹਤਾਲ ਵੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਫਰਜ਼ੀ ਦਸਤਾਵੇਜ਼ਾਂ ਵਾਲੇ ਅਧਿਆਪਕ ਅਕਾਲੀ ਸਰਕਾਰ ਮੌਕੇ ਤੋਤਾ ਸਿੰਘ ਦੇ ਸਿੱਖਿਆ ਮੰਤਰੀ ਸਮੇ ਭਰਤੀ ਹੋਏ ਹਨ। ਉਹਨਾਂ ਤੋਂ ਬਾਅਦ ਵਾਲੇ ਸਿੱਖਿਆ ਮੰਤਰੀਆਂ ਦੇ ਕਾਰਜਕਾਲ ਸਮੇਂ ਭਰਤੀ ਹੋਣ ਵਾਲੇ ਅਧਿਆਪਕਾਂ ਦੀਆਂ ਡਿਗਰੀਆਂ ਵੀ ਰਾਡਾਰ ‘ਤੇ ਹਨ । ਜਾਣਕਾਰੀ ਅਨੁਸਾਰ ਵਿਜੀਲੈਂਸ ਦੇ ਸ਼ੱਕ ਦੇ ਘੇਰੇ ‘ਚ ਆਏ ਅਧਿਆਪਕਾਂ ਦੀਆਂ ਜ਼ਿਆਦਾਤਰ ਡਿਗਰੀਆਂ ਬਿਹਾਰ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨਾਲ ਸਬੰਧਿਤ ਹਨ।

error: Content is protected !!