Skip to main content

Gee 98News

ਸਾਲੇ ਨੇ “ਜੀਜੇ” ਨੂੰ ਚੂਨਾ ਲਗਾਉਣ ਲਈ 62 ਲੱਖ ਦੀ ਲੁੱਟ ਦੀ ਬਣਾਈ ਝੂਠੀ ਕਹਾਣੀ…ਦੋਸ਼ੀ ਪਿਓ-ਪੁੱਤ ‘ਤੇ ਮਾਮਲਾ ਦਰਜ

ਚੰਡੀਗੜ੍ਹ,21 ਅਗਸਤ-ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ 62 ਲੱਖ ਦੀ ਲੁੱਟ ਦੀ ਕਹਾਣੀ ਸਬੰਧੀ ਪੁਲਿਸ ਨੇ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਅਨੁਸਾਰ ਲੁੱਟ ਦੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੇ ਹੀ ਆਪਣੇ ਪੁੱਤਰ ਨਾਲ ਮਿਲ ਕੇ ਆਪਣੇ ਕੈਨੇਡਾ ਰਹਿੰਦੇ ਜੀਜੇ ਨੂੰ ਚੂਨਾ ਲਗਾਉਣ ਲਈ ਲੁੱਟ ਦੀ ਇਹ ਝੂਠੀ ਯੋਜਨਾ ਬਣਾਈ । ਪ੍ਰੈੱਸ ਕਾਨਫਰੰਸ ਦੌਰਾਨ ਏਸੀਪੀ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ 18 ਅਗਸਤ ਨੂੰ ਇੱਕ ਵਿਅਕਤੀ ਵਿਕਾਸਬੀਰ ਸਿੰਘ ਸ਼ੇਰਗਿੱਲ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਘਰਿੰਡਾ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਨੇ ਆਪਣੇ ਲੜਕੇ ਬਖਤਾਵਰ ਸਿੰਘ ਸ਼ੇਰਗਿੱਲ ਨਾਲ ਆ ਕੇ ਦੱਸਿਆ ਕਿ ਉਹ ਬੈਂਕ ਆਫ਼ ਇੰਡੀਆ ਮਾਲ ਰੋਡ ਲਾਕਰ ਤੋਂ 62 ਲੱਖ ਰੁਪਏ ਕਢਵਾ ਕੇ ਗੱਡੀ ਫਾਰਚੂਨਰ ਨੰਬਰ PB-02- BK-0021 ‘ਤੇ ਜਾ ਰਹੇ ਸਨ। ਉਨ੍ਹਾਂ ਦੀ ਫਾਰਚੂਨਰ ਨੂੰ ਚਿੱਟੇ ਰੰਗ ਦੀ ਇਨੋਵਾ ਤੇ ਵਰਨਾ ਕਾਰ ਸਵਾਰਾਂ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਨੇ ਘੇਰ ਕੇ ਮਾਹਲ ਬਾਈਪਾਸ ਨੇੜੇ ਪਿਸਤੌਲ ਦੀ ਨੋਕ ਤੇ 62 ਲੱਖ ਰੁਪਏ ਦੀ ਖੋਹ ਕੀਤੀ ਹੈ। ਪੁਲਿਸ ਨੇ ਲੁੱਟ ਦੀ ਇਸ ਘਟਨਾ ਦੀ ਪੜ੍ਹਤਾਲ ਦੌਰਾਨ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਫਾਰਚੂਨਰ ਗੱਡੀ ਦੇ ਅੱਗੇ ਪਿੱਛੇ ਕੋਈ ਵੀ ਇਨੋਵਾ ਤੇ ਵਰਨਾ ਗੱਡੀ ਨਹੀਂ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਰਿਪੋਰਟ ਦਰਜ ਕਰਕੇ ਤਕਨੀਕੀ ਢੰਗਾਂ ਨਾਲ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਵਿਕਸਾਬੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ 62 ਲੱਖ ਰੁਪਏ ਉਸ ਦੇ ਜੀਜੇ ਅਰਮਿੰਦਰਪਾਲ ਸਿੰਘ ਰੰਧਾਵਾ ਦੇ ਜੀਜੇ ਸਰਬਜੀਤ ਸਿੰਘ ਵਾਸੀ ਨਗੀਨਾ ਐਵੀਨਿਊ ਹਾਲ ਕੈਨੇਡਾ ਦੇ ਸਨ। ਦਰਅਸਲ ਸਰਬਜੀਤ ਸਿੰਘ ਨੇ ਆਪਣੀ ਜ਼ਮੀਨ ਕਰੀਬ 6 ਕਿਲੇ 3 ਕਨਾਲ ਗੁਰਸੇਵਕ ਸਿੰਘ ਵਾਸੀ ਭਕਨਾ ਕਲਾਂ ਨੂੰ ਵੇਚੀ ਸੀ ਤੇ ਇਸ ਜ਼ਮੀਨ ਦੀ ਪਾਵਰ ਆਫ਼ ਅਟਾਰਨੀ ਵਿਕਾਸਬੀਰ ਸਿੰਘ ਉਕਤ ਨੂੰ ਦਿੱਤੀ ਗਈ ਸੀ। ਜ਼ਮੀਨ ਖਰੀਦਣ ਵਾਲੇ ਗੁਰਸੇਵਕ ਸਿੰਘ ਨੇ ਵਿਕਾਸਬੀਰ ਸਿੰਘ ਦੇ ਖ਼ਾਤੇ ਵਿੱਚ ਕਰੀਬ 58 ਲੱਖ ਰੁਪਏ ਦੇ ਚੈੱਕ ਟਰਾਂਸਫਰ ਕੀਤੇ ਤੇ ਬਾਕੀ 62 ਲੱਖ ਰੁਪਏ ਗੁਰਸੇਵਕ ਸਿੰਘ ਨੇ ਵਿਕਾਸਬੀਰ ਸਿੰਘ ਨੂੰ ਕੈਸ਼ ਦਿੱਤੇ। ਵਿਕਾਸਬੀਰ ਸਿੰਘ ਨੇ 58 ਲੱਖ ਰੁਪਏ, ਸਰਬਜੀਤ ਸਿੰਘ ਵਾਸੀ ਨਗੀਨਾ ਐਵੀਨਿਊ ਹਾਲ ਕੈਨੇਡਾ ਦੇ ਖ਼ਾਤੇ ਵਿਚ ਟਰਾਂਸਫਰ ਕਰ ਦਿੱਤੇ ਤੇ ਬਾਕੀ 62 ਲੱਖ ਰੁਪਏ ਆਪਣੇ ਕੋਲ ਰੱਖ ਲਏ ਅਤੇ ਇਹ 62 ਲੱਖ ਰੁਪਏ ਹੜੱਪਣ ਦੀ ਨੀਅਤ ਨਾਲ ਲੁੱਟ ਦੀ ਝੂਠੀ ਕਹਾਣੀ ਵਿਕਾਸਬੀਰ ਸਿੰਘ ਨੇ ਆਪਣੇ ਪੁੱਤਰ ਨਾਲ ਰਲ ਕੇ ਬਣਾਈ । ਪੁਲਿਸ ਨੇ ਜਦ ਇਸ ਘਟਨਾ ਦੀ ਪੂਰੀ ਟੈਕਨੀਕਲ ਤਰੀਕੇ ਨਾਲ ਪੜ੍ਹਤਾਲ ਕੀਤੀ ਤਾਂ ਘਟਨਾ ਸਥਾਨ ‘ਤੇ ਲੁੱਟ ਦਾ ਕੋਈ ਵਾਕਾ ਹੋਣਾ ਨਹੀਂ ਪਾਇਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਵਿਕਾਸਬੀਰ ਸਿੰਘ ਤੇ ਇਸ ਦੇ ਲੜਕੇ ਬਖਤਾਵਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਫੋਟੋ ਕੈਪਸ਼ਨ- ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

error: Content is protected !!