ਚੰਡੀਗੜ੍ਹ, 3 ਅਪ੍ਰੈਲ, Gee98 news service
-ਮਰੀਜ਼ਾਂ ਦੇ ਬਿਮਾਰੀਆਂ ਦੇ ਟੀਕੇ ਲਾਉਣ ਦੇ ਨਾਲ ਨਾਲ ਸਿਵਲ ਹਸਪਤਾਲ ਦੇ ਐਸਐਮਓ ਨੇ ਹਸਪਤਾਲ ਦੀ ਕੰਟੀਨ ਦੇ ਠੇਕੇਦਾਰ ਦੇ ਰਿਸ਼ਵਤ ਦਾ ਟੀਕਾ ਲਗਾ ਦਿੱਤਾ, ਪਰ ਠੇਕੇਦਾਰ ਨੂੰ ਇਹ ਰਿਸ਼ਵਤ ਰੂਪੀ ਟੀਕਾ ਰੀਐਕਸ਼ਨ ਕਰ ਗਿਆ ਜਿਸ ਤੋਂ ਬਾਅਦ ਠੇਕੇਦਾਰ ਨੇ ਵਿਜੀਲੈਂਸ ਦੇ ਕਾਨੂੰਨੀ ਡਾਕਟਰਾਂ ਨਾਲ ਸੰਪਰਕ ਕੀਤਾ ਅਤੇ ਫਿਰ ਵਿਜੀਲੈਂਸ ਦੀ ਟੀਮ ਨੇ ਸਿਵਲ ਹਸਪਤਾਲ ਦੇ ਐਸਐਮਓ ਨੂੰ ਰਿਸ਼ਵਤ ਦੀ ਰਕਮ ਸਮੇਤ ਦਬੋਚ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਤਰਨਤਾਰਨ ਦੇ ਐੱਸਐੱਮਓ ਡਾ.ਕੰਵਲਜੀਤ ਸਿੰਘ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੀ ਟੀਮ ਨੇ ਇੰਸਪੈਕਟਰ ਸ਼ਰਨਜੀਤ ਸਿੰਘ ਦੀ ਅਗਵਾਈ ਵਿੱਚ ਐੱਸਐੱਮਓ ਦਫ਼ਤਰ ਵਿੱਚ ਛਾਪਾ ਮਾਰ ਕੇ ਰਿਸ਼ਵਤ ਵਜੋਂ ਲਈ ਗਈ 50 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਐੱਸਐੱਮਓ ਡਾ.ਕੰਵਲਜੀਤ ਸਿੰਘ ਸਿਵਲ ਹਸਪਤਾਲ ਵਿੱਚ ਚੱਲ ਰਹੀ ਮਾਝਾ ਕੰਟੀਨ ਦੇ ਠੇਕੇਦਾਰ ਤੋਂ ਸਾਲ 2024 ਲਈ ਠੇਕੇ ਦਾ ਸਮਾਂ ਵਧਾਉਣ ਦੇ ਬਦਲੇ 50 ਹਜ਼ਾਰ ਰੁਪਏ ਦੀ ਰਕਮ ਦੀ ਮੰਗ ਕਰ ਰਹੇ ਸਨ, ਜਿਸ ਤੋਂ ਬਾਅਦ ਠੇਕੇਦਾਰ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਅਤੇ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਐਸਐਮਓ ਡਾਕਟਰ ਕਵਲਜੀਤ ਸਿੰਘ ਨੂੰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕੀਤਾ।






