ਬਰਨਾਲਾ,12 ਅਪ੍ਰੈਲ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ ਵਾਰਡ ਨੰਬਰ 15 ਵਿੱਚ ਸਰਕਾਰੀ ਵਾਟਰ ਵਰਕਸ ਤੋਂ ਪ੍ਰਦੂਸ਼ਿਤ ਪਾਣੀ ਦੀ ਸਪਲਾਈ ਦਾ ਮਾਮਲਾ ਭਖਿਆ ਹੋਇਆ ਹੈ। ਇਸ ਵਾਰਡ ਦੇ ਲੋਕਾਂ ਨੂੰ ਕਈ ਮਹੀਨੇ ਤੋਂ ਗੰਦੇ ਪਾਣੀ ਦੀ ਸਪਲਾਈ ਨਾਲ ਦੋ- ਚਾਰ ਹੋਣਾ ਪੈ ਰਿਹਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵੀ ਇਹ ਸਮੱਸਿਆ ਹੱਲ ਨਹੀਂ ਹੋਈ। ਹੁਣ ਜਦੋਂ ਗੰਧਲੇ ਪਾਣੀ ਦੀ ਸਪਲਾਈ ਨੇ ਲੋਕਾਂ ਦੇ ਨੱਕ ‘ਚ ਦਮ ਕਰ ਦਿੱਤਾ ਹੈ ਤਾਂ ਵਾਰਡ ਦੇ ਕੌਂਸਲਰ ਸ੍ਰੀਮਤੀ ਸਰੋਜ ਰਾਣੀ ਦੇ ਪੁੱਤਰ ਨੀਰਜ ਜਿੰਦਲ ਨੇ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕਰਦੇ ਹੋਏ ਮਰਨ ਵਰਤ ‘ਤੇ ਬੈਠਣ ਦਾ ਐਲਾਨ ਤੱਕ ਕਰ ਦਿੱਤਾ ਹੈ। ਗੱਲਬਾਤ ਕਰਦੇ ਹੋਏ ਨੀਰਜ ਜਿੰਦਲ ਨੇ ਕਿਹਾ ਕਿ ਉਹਨਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਵਾਰਡ ਵਿੱਚ ਗੰਧਲੇ ਪਾਣੀ ਦੀ ਸਪਲਾਈ ਦਾ ਮੁੱਦਾ ਲਿਆਂਦਾ ਜਿਸ ਤੋਂ ਬਾਅਦ ਇਸ ਸਮੱਸਿਆ ਦੇ ਸੁਧਾਰ ਵੱਲ ਕੁਝ ਕਦਮ ਚੁੱਕੇ ਗਏ ਪ੍ਰੰਤੂ ਸਬੰਧਿਤ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਵੀ ਪਹਿਲ ਦੇ ਆਧਾਰ ‘ਤੇ ਸਮਝਦੇ ਹੋਏ ਜਲਦੀ ਕੰਮ ਸ਼ੁਰੂ ਨਹੀਂ ਕੀਤਾ ਗਿਆ ਅਤੇ ਹੁਣ ਚੋਣ ਜਾਬਤੇ ਦਾ ਬਹਾਨਾ ਲਗਾ ਕੇ ਕੰਮ ਰੋਕਿਆ ਹੋਇਆ ਹੈ। ਉਨਾਂ ਸਵਾਲ ਕੀਤਾ ਕਿ ਚੋਣ ਜਾਬਤਾ ਤਾਂ ਜੂਨ ਦੇ ਪਹਿਲੇ ਹਫ਼ਤੇ ਤੱਕ ਲਾਗੂ ਰਹੇਗਾ ਤਾਂ ਕੀ ਲੋਕਾਂ ਨੂੰ ਐਨਾ ਲੰਮਾ ਸਮਾਂ ਪੀਣ ਵਾਲੇ ਪਾਣੀ ਤੋਂ ਵਾਂਝਾ ਰੱਖਿਆ ਜਾ ਸਕਦਾ ਹੈ, ਜਦ ਕਿ ਪ੍ਰਸ਼ਾਸਨ ਸਮੇਤ ਇਹ ਸਭ ਜਾਣਦੇ ਹਨ ਕਿ ਜ਼ਿੰਦਗੀ ਜਿਉਣ ਲਈ ਪਾਣੀ ਸਭ ਤੋਂ ਜ਼ਰੂਰੀ ਹੈ ਫਿਰ ਵੀ ਲੋਕਾਂ ਦੀ ਇਸ ਸਮੱਸਿਆ ਵੱਲ ਸਮਾਂ ਰਹਿੰਦੇ ਧਿਆਨ ਨਹੀਂ ਦਿੱਤਾ ਜਾ ਰਿਹਾ।

ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਇਸ ਸਿੱਧੀ ਸਮੱਸਿਆ ਪ੍ਰਤੀ ਪ੍ਰਸ਼ਾਸਨ ਦੀ ਬੇਰੁਖੀ ਤੋਂ ਨਾਰਾਜ਼ ਹੋ ਕੇ ਨੀਰਜ ਜਿੰਦਲ ਨੇ ਸੋਮਵਾਰ ਤੋਂ ਸਦਰ ਬਾਜ਼ਾਰ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਕੋਲ ਮਰਨ ਵਰਤ ‘ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ। ਨੀਰਜ ਜਿੰਦਲ ਨੇ ਕਿਹਾ ਕਿ ਇਹ ਮਰਨ ਵਰਤ ਅਣਮਿਥੇ ਸਮੇਂ ਲਈ ਹੋਵੇਗਾ ਜਦ ਤੱਕ ਉਹਨਾਂ ਦੇ ਵਾਰਡ ਵਿੱਚ ਪੀਣ ਵਾਲੇ ਪਾਣੀ ਦੀ ਗੰਧਲੀ ਸਪਲਾਈ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਉਹ ਆਪਣਾ ਮਰਨ ਵਰਤ ਉਦੋਂ ਤੱਕ ਖ਼ਤਮ ਨਹੀਂ ਕਰਨਗੇ। ਸ਼ਹਿਰ ਦੇ ਇੱਕ ਕੌਂਸਲਰ ਦੇ ਪਰਿਵਾਰਿਕ ਮੈਂਬਰ ਵੱਲੋਂ ਲੋਕਾਂ ਦੀ ਸਮੱਸਿਆ ਪ੍ਰਤੀ ਪ੍ਰਸ਼ਾਸਨ ਦੀ ਬੇਰੁਖੀ ਕਾਰਨ ਮਰਨ ਵਰਤ ‘ਤੇ ਬੈਠਣ ਦੀ ਚਿਤਾਵਨੀ ਦੀ ਸ਼ਹਿਰ ਵਿੱਚ ਖ਼ੂਬ ਚਰਚਾ ਹੋ ਰਹੀ ਹੈ ਕਿਉਂਕਿ ਮਰਨ ਵਰਤ ‘ਤੇ ਬੈਠਣ ਦੀ ਚਿਤਾਵਨੀ ਦੇਣ ਵਾਲੇ ਕੌਂਸਲਰ ਦੇ ਪੁੱਤਰ ਦੀ ਸ਼ਹਿਰ ਦੇ ਕੈਬਨਿਟ ਮੰਤਰੀ ਨਾਲ ਨੇੜ੍ਹਤਾ ਜੱਗ ਜ਼ਾਹਿਰ ਹੈ। ਹੁਣ ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਮੰਤਰੀ ਦੀ ਬੁੱਕਲ ਦੇ ਵਿਅਕਤੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਵਰਨ ਵਰਤ ‘ਤੇ ਬੈਠਣ ਤੱਕ ਦੇ ਫੈਸਲੇ ਲੈਣੇ ਪੈ ਰਹੇ ਹਨ।
ਫੋਟੋ ਕੈਪਸ਼ਨ-ਵਾਰਡ ਨੰਬਰ 15 ਦੀਆਂ ਟੂਟੀਆਂ ‘ਚ ਆ ਰਹੇ ਪਾਣੀ ਗੰਧਲੇ ਪਾਣੀ ਦੀਆਂ ਤਸਵੀਰਾਂ ਅਤੇ ਨੀਰਜ ਜਿੰਦਲ ਦੀ ਤਸਵੀਰ
