Skip to main content

Gee 98News

ਟਿਕਟਾਂ ਦੀ ਵੰਡ ਦੇ ਮਾਮਲੇ ‘ਚ ‘ਆਪ’ ਦੇ ਸਮੀਕਰਨ ਵਿਗੜੇ…ਹਿੰਦੂ ਤੇ ਮਹਿਲਾ ਚਿਹਰਿਆਂ ਦੀ ਚੋਣ ਵਿੱਚ ਪਿਛੜੀ ਪਾਰਟੀ

ਚੰਡੀਗੜ੍ਹ,12 ਅਪ੍ਰੈਲ, Gee98 news service
-ਲੋਕ ਸਭਾ ਚੋਣਾਂ 2024 ਲਈ ਪੰਜਾਬ ‘ਚ ਟਿਕਟਾਂ ਦੇਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸਮੀਕਰਨ ਵਿਗੜ ਗਏ ਹਨ। ਉੰਝ ਭਾਵੇਂ ਕਹਿਣ ਨੂੰ ਕੋਈ ਕੁਝ ਮਰਜ਼ੀ ਕਹੀ ਜਾਵੇ ਪਰੰਤੂ ਸਿਆਸੀ ਪਾਰਟੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਮੌਕੇ ਉਮੀਦਵਾਰਾਂ ਦੀ ਚੋਣ ਵਿੱਚ ਵੱਖ-ਵੱਖ ਵਰਗਾਂ, ਧਰਮਾਂ ਤੇ ਜਾਤੀ ਸਮੀਕਰਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਟਿਕਟਾਂ ਦੀ ਵੰਡ ਕਰਦੀਆਂ ਹਨ। ਪੰਜਾਬ ਦੀਆਂ 13 ਸੀਟਾਂ ਦੇ ਸੰਦਰਭ ਵਿੱਚ ਆਮ ਆਦਮੀ ਪਾਰਟੀ ਨੇ ਹੁਣ ਤੱਕ ਐਲਾਨ ਕੀਤੀਆਂ 9 ਟਿਕਟਾਂ ਵਿੱਚੋਂ 8 ਸਿੱਖ ਚਿਹਰਿਆਂ ਦੀ ਚੋਣ ਕੀਤੀ ਹੈ। ਪੰਜਾਬ ‘ਚ ਲੱਗਭੱਗ 39 ਫੀਸਦੀ ਹਿੰਦੂ ਵੋਟਰ ਹਨ ਅਤੇ 47 ਫੀਸਦੀ ਮਹਿਲਾ ਵੋਟਰ ਹਨ। ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਦੀ ਚੰਡੀਗੜ੍ਹ ਫੇਰੀ ਦੌਰਾਨ ਪਾਰਟੀ ਨੇ ਇਸ ਗੱਲ ‘ਤੇ ਚਰਚਾ ਕੀਤੀ ਕਿ ਰਹਿੰਦੀਆਂ ਚਾਰ ਸੀਟਾਂ ਵਿੱਚੋਂ ਘੱਟੋ ਘੱਟ ਇੱਕ ਸੀਟ ‘ਤੇ ਕਿਸੇ ਮਹਿਲਾ ਆਗੂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ। ਸੂਤਰਾਂ ਅਨੁਸਾਰ ਪਾਰਟੀ ਗੁਰਦਾਸਪੁਰ ਅਤੇ ਲੁਧਿਆਣਾ ਸੀਟ ‘ਤੇ ਕਿਸੇ ਹਿੰਦੂ ਚਿਹਰੇ ਨੂੰ ਟਿਕਟ ਦੇ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਜੇ ਸਿੰਘ ਦੀ ਮੀਟਿੰਗ ਵਿੱਚ ਇਸ ਗੱਲ ‘ਤੇ ਵੀ ਚਰਚਾ ਹੋਈ ਦੱਸੀ ਜਾ ਰਹੀ ਹੈ ਕਿ ਟਿਕਟਾਂ ਦੀ ਵੰਡ ਦੇ ਮਾਮਲੇ ਵਿੱਚ ਹਿੰਦੂ ਅਤੇ ਮਹਿਲਾ ਵੋਟਰਾਂ ਦੀ ਨਰਾਜ਼ਗੀ ਅਤੇ ਵਿਰੋਧੀ ਪਾਰਟੀਆਂ ਦੀ ਟਿੱਪਣੀ ਤੋਂ ਬਚਿਆ ਜਾਵੇ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਟਿਕਟਾਂ ਦੀ ਵੰਡ ਸਬੰਧੀ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਦੇ ਹੋਏ ਬਾਕੀ ਬਚੀਆਂ ਚਾਰ ਸੀਟਾਂ ਫਿਰੋਜਪੁਰ, ਜਲੰਧਰ, ਲੁਧਿਆਣਾ ਤੇ ਗੁਰਦਾਸਪੁਰ ਤੋਂ ਹਿੰਦੂ ਤੇ ਮਹਿਲਾ ਚਿਹਰਿਆਂ ਦੀ ਤਲਾਸ਼ ਸ਼ੁਰੂ ਕੀਤੀ ਹੋਈ ਹੈ।

error: Content is protected !!