ਬਰਨਾਲਾ,13 ਅਪ੍ਰੈਲ, Gee98 news service
-ਲੋਕ ਸਭਾ ਹਲਕਾ ਸੰਗਰੂਰ ਤੋਂ ਇਸ ਵਾਰ ਕਾਂਗਰਸ ਹਮਲਾਵਰ ਨੀਤੀ ਨਾਲ ਉਤਰਨ ਦੀ ਤਿਆਰੀ ਵਿੱਚ ਹੈ। ਕਾਂਗਰਸੀ ਸੂਤਰਾਂ ਅਨੁਸਾਰ ਹਲਕਾ ਸੰਗਰੂਰ ਤੋਂ ਕਾਂਗਰਸ ਸੱਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਨੂੰ ਉਹਨਾਂ ਦੇ ਘਰ ਵਿੱਚ ਹੀ ਘੇਰਨਾ ਚਾਹੁੰਦੀ ਹੈ, ਇਸ ਲਈ ਕਾਂਗਰਸ ਨੇ ਸੰਗਰੂਰ ਤੋਂ ਆਪਣੇ ਹਮਲਾਵਰ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਮੈਦਾਨ ਵਿੱਚ ਉਤਾਰਨ ਦਾ ਮਨ ਬਣਾ ਲਿਆ ਹੈ। ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਕੁਝ ਦਿਨਾਂ ਤੋਂ ਲੋਕ ਸਭਾ ਹਲਕਾ ਸੰਗਰੂਰ ਦੇ ਤਹਿਤ ਕੁਝ ਸੀਨੀਅਰ ਪੱਤਰਕਾਰਾਂ, ਵਪਾਰੀਆਂ, ਕਾਰੋਬਾਰੀਆਂ, ਵਕੀਲਾਂ ਅਤੇ ਰਾਜਨੀਤਿਕ ਮਾਹਿਰਾਂ ਨੂੰ ਫੋਨ ਕਰਕੇ ਸੰਗਰੂਰ ਹਲਕੇ ਦੇ ਸਮੀਕਰਨਾਂ ਦੀ ਫੀਡਬੈਕ ਲਈ ਜਾ ਰਹੀ ਹੈ। ਖਹਿਰਾ ਦੇ ਇੱਕ ਨੇੜਲੇ ਸਾਥੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਹਿਰਾ ਨਾਲ ਕੀਤੀਆਂ ਵਧੀਕੀਆਂ ਦੇ ਮੱਦੇਨਜ਼ਰ ਖਹਿਰਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਹਲਕੇ ਵਿੱਚ ਸਿੱਧੇ ਮੱਥੇ ਟੱਕਰਨਾ ਚਾਹੁੰਦੇ ਹਨ। ਬਿਨਾਂ ਸ਼ੱਕ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਹਨ ਅਤੇ ਉਹ ਜਿੱਥੇ ਵੀ ਜਾਂਦੇ ਹਨ ਉਹਨਾਂ ਨੂੰ ਸੁਣਨ ਵਾਲਿਆਂ ਦਾ ਇਕੱਠ ਮੱਲੋਮੱਲੀ ਜੁੜ ਜਾਂਦਾ ਹੈ। ਪੰਜਾਬ ਦੇ ਲੀਡਰਾਂ ਵਿੱਚੋਂ ਲੱਛੇਦਾਰ ਭਾਸ਼ਣ ਦੇਣ ਵਾਲੇ ਲੀਡਰਾਂ ‘ਚ ਭਗਵੰਤ ਮਾਨ ਦਾ ਨਾਮ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਭਗਵੰਤ ਮਾਨ ਨੂੰ ਉਹਨਾਂ ਦੀ ਸ਼ੈਲੀ ਵਿੱਚ ਜਵਾਬ ਦੇਣ ਲਈ ਪੰਜਾਬ ਕਾਂਗਰਸ ਕੋਲ ਇੱਕੋ ਲੀਡਰ ਸੁਖਪਾਲ ਸਿੰਘ ਖਹਿਰਾ ਹੀ ਹੈ। ਸੰਗਰੂਰ ਨੂੰ ਆਮ ਆਦਮੀ ਪਾਰਟੀ ਆਪਣੀ ਸਿਆਸੀ ਰਾਜਧਾਨੀ ਮੰਨਦੀ ਹੈ ਅਤੇ ਕਾਂਗਰਸ ਮੁੱਖ ਮੰਤਰੀ ਨੂੰ ਚੋਣਾਂ ਦੌਰਾਨ ਉਹਨਾਂ ਦੀ ਰਾਜਧਾਨੀ ਵਿੱਚ ਹੀ ਉਲਝਾ ਕੇ ਰੱਖਣਾ ਚਾਹੁੰਦੀ ਹੈ। ਸੂਤਰਾਂ ਅਨੁਸਾਰ ਸੰਗਰੂਰ ਹਲਕੇ ਤੋਂ ਕਾਂਗਰਸ ਦੀ ਸੂਚੀ ਵਿੱਚ ਖਹਿਰਾ ਦਾ ਨਾਮ ਸ਼ਾਮਿਲ ਹੈ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਹਲਕੇ ਵਿੱਚ ਹੀ ਤਿੱਖੇ ਅਤੇ ਸਿੱਧੇ ਹਮਲੇ ਕਰਨ ਲਈ ਕਾਂਗਰਸ ਹਮਲਾਵਰ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਮੈਦਾਨ ਵਿੱਚ ਉਤਾਰੇਗੀ, ਜਿਸ ਦਾ ਐਲਾਨ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਹੀ ਹੋਵੇਗਾ।