Skip to main content

Gee 98News

ਇਹੀ ਤਾਂ ਰਾਜਨੀਤੀ ਏ….ਭਾਈ ਅੰਮ੍ਰਿਤਪਾਲ ਸਿੰਘ ਦੇ ਬਰਾਬਰ ਚੋਣ ਲੜਨ ਵਾਲਾ ਅੰਮ੍ਰਿਤਪਾਲ ਸਿੰਘ ਨਿਕਲਿਆ ‘ਆਪ’ ਦਾ ਸੀਨੀਅਰ ਆਗੂ

ਚੰਡੀਗੜ੍ਹ,16 ਮਈ, Gee98 news service
-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਤਾਰਪੀਡੋ ਕਰਨ ਲਈ ਅੰਮ੍ਰਿਤਪਾਲ ਸਿੰਘ ਦੇ ਨਾਮ ਦਾ ਹੀ ਆਮ ਆਦਮੀ ਪਾਰਟੀ ਦਾ ਇੱਕ ਸੀਨੀਅਰ ਆਗੂ ਚੋਣ ਮੈਦਾਨ ਵਿੱਚ ਨਿਤਰਿਆ ਹੈ। ਭਾਵੇਂ ਕਿ ਸੰਵਿਧਾਨ ਅਨੁਸਾਰ ਚੋਣ ਲੜਨ ਦਾ ਹਰ ਇੱਕ ਨੂੰ ਹੱਕ ਹੈ ਪਰੰਤੂ ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਦੀਨਾ ਨਾਲ ਸੰਬੰਧਿਤ ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਜਾ ਕੇ ਨਾਮਜ਼ਦਗੀ ਪੱਤਰ ਭਰਨ ‘ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਹੋ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਇਸ ਦੀ ਖੂਬ ਚਰਚਾ ਹੋ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਦੀਨਾ, ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਨੇ ਕਿਸੇ ‘ਆਪ’ ਆਗੂ ਦੇ ਇਸ਼ਾਰੇ ‘ਤੇ ਹੀ ਖਡੂਰ ਸਾਹਿਬ ਤੋਂ ਜਾ ਕੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਤਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਤਾਰਪੀਡੋ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਭਰਮ ਭੁਲੇਖੇ ਵਿੱਚ ਪਾ ਕੇ ਵੋਟਾਂ ਪ੍ਰਭਾਵਿਤ ਕੀਤੀਆਂ ਜਾ ਸਕਣ। ‌ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਿੰਡ ਦੀਨਾ ਵਾਸੀ ਅੰਮ੍ਰਿਤਪਾਲ ਸਿੰਘ ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਖਾਸਮ ਖਾਸ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਦਾ ਮੀਤ ਪ੍ਰਧਾਨ ਅਤੇ ਨਿਹਾਲ ਸਿੰਘ ਵਾਲਾ ਦਾ ਮੁੱਖ ਬੁਲਾਰਾ ਹੈ। ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਦੀਨਾ ਦੀ ਫੇਸਬੁੱਕ ਪ੍ਰੋਫਾਈਲ ਚੈੱਕ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਦੀ ਪ੍ਰੋਫਾਈਲ ਦੇ ਉੱਪਰ ਭਗਵੰਤ ਮਾਨ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਨਾਲ ਤਸਵੀਰਾਂ ਹਨ। ਅਜੇ ਕੁਝ ਦਿਨ ਪਹਿਲਾਂ ਹੀ ਫਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਅੰਮ੍ਰਿਤਪਾਲ ਸਿੰਘ ਦੇ ਘਰ ਵਿਖੇ ਆਏ ਜਿਸਦੀਆਂ ਤਸਵੀਰਾਂ ਇਸਦੀ ਫੇਸਬੁੱਕ ਪ੍ਰੋਫਾਈਲ ‘ਤੇ ਵੇਖੀਆਂ ਜਾ ਸਕਦੀਆਂ ਹਨ। ‌ ਮੰਨਿਆ ਜਾਂਦਾ ਹੈ ਕਿ ਜਦੋਂ ਮਿਲਦੇ ਜੁਲਦੇ ਨਾਮ ਦੇ ਇੱਕ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹੋਣ ਤਾਂ ਕਾਫੀ ਵੋਟਾਂ ਪ੍ਰਭਾਵਿਤ ਹੁੰਦੀਆਂ ਹਨ, ਚੋਣ ਪ੍ਰਕਿਰਿਆ ਦੌਰਾਨ ਵੀ ਲੋਕ ਭੰਬਲਭੂਸੇ ਵਿੱਚ ਰਹਿੰਦੇ ਹਨ ਅਤੇ ਵੋਟਾਂ ਵਾਲੇ ਦਿਨ ਵੀ ਮਿਲਦੇ ਜੁਲਦੇ ਨਾਮ ਹੋਣ ਕਾਰਨ ਵੋਟਾਂ ਇਧਰ ਉਧਰ ਹੋ ਜਾਂਦੀਆਂ ਹਨ। ਇਸ ਦੀ ਇੱਕ ਮਿਸਾਲ ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਸਾਹਮਣੇ ਆਈ ਸੀ ਜਦ ਕੇਵਲ ਸਿੰਘ ਢਿੱਲੋ ਨੇ ਮਲਕੀਤ ਸਿੰਘ ਕੀਤੂ ਨੂੰ ਥੋੜੀਆਂ ਵੋਟਾਂ ‘ਤੇ ਹਰਾ ਕੇ ਚੋਣ ਜਿੱਤੀ ਉਸ ਵੇਲੇ ਮਲਕੀਤ ਸਿੰਘ ਨਾਮ ਦਾ ਇੱਕ ਆਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਸੀ, ਜਿਸ ਨੂੰ ਕੇਵਲ ਸਿੰਘ ਢਿੱਲੋ ਦੀ ਜਿੱਤ ਦੇ ਫਰਕ ਨਾਲੋ ਵੱਧ ਵੋਟਾਂ ਪੈ ਗਈਆਂ ਸਨ। ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਹੋਰ ਵੀ ਸਾਹਮਣੇ ਆ ਚੁੱਕੀਆਂ ਹਨ। ਹੁਣ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਵੱਲੋਂ ਮੋਗੇ ਤੋਂ ਖਡੂਰ ਸਾਹਿਬ ਜਾ ਕੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਬਰਾਬਰ ਨਾਮਜ਼ਦਗੀ ਪੱਤਰ ਦਾਖਲ ਕਰਨ ‘ਤੇ ਸਵਾਲ ਖੜੇ ਹੋ ਰਹੇ ਹਨ ਆਮ ਆਦਮੀ ਪਾਰਟੀ ‘ਤੇ ਸਵਾਲਾਂ ਦੀ ਝੜੀ ਲੱਗ ਰਹੀ ਹੈ। ਇਹ ਵੀ ਹੈਰਾਨੀਜਨਕ ਹੈ ਕਿ ਪਿੰਡ ਦੀਨਾ ਦੇ ਵਾਸੀ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਨਾਮਜਦਗੀ ਪੱਤਰ ਤੇ ਬਿਲਕੁਲ ਉਹੋ ਜਿਹੀ ਤਸਵੀਰ ਕਰਵਾ ਕੇ ਲਗਾਈ ਗਈ ਹੈ ਜਿਹੋ ਜਿਹੀ ਤਸਵੀਰ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ‘ਤੇ ਲਗਵਾਈ ਹੈ। ‌ ਪਿੰਡ ਦੀਨਾ ਦੇ ਵਾਸੀ ਅੰਮ੍ਰਿਤਪਾਲ ਸਿੰਘ ਆਮ ਤੌਰ ‘ਤੇ ਦਸਤਾਰ ਸਜਾਉਂਦਾ ਹੈ ਅਤੇ ਉਸਦੀਆਂ ਸਾਰੀਆਂ ਪਾਸਪੋਰਟ ਸਾਈਜ਼ ਤਸਵੀਰਾਂ ਦਸਤਾਰ ਵਿੱਚ ਹੀ ਹਨ ਪਰੰਤੂ ਆਪਣੇ ਨਾਮਜ਼ਦਗੀ ਪੱਤਰ ‘ਤੇ ਉਸਨੇ ਗੋਲ ਪਰਨਾ ਬੰਨ ਕੇ ਤਸਵੀਰ ਲਗਾਈ ਹੈ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਲੱਗੀ ਹੋਈ ਹੈ।

error: Content is protected !!