Skip to main content

Gee 98News

ਇੱਕ ਜਣੇ ਦੀ ਮੌਤ, ਇੱਕ ਜ਼ਖ਼ਮੀ…ਕਾਲੇਕੇ ਵਿਖੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਘੇਰ ਕੇ ਕੀਤਾ ਹਮਲਾ,ਚੱਲੀ ਗੋਲੀ

ਬਰਨਾਲਾ, 26 ਮਈ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਇੱਕ ਦਰਜਨ ਤੋਂ ਵਧੇਰੇ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਮੋਟਰਸਾਈਕਲ ਸਵਾਰ ਰੁਪਿੰਦਰ ਸ਼ਰਮਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਜਸਪਾਲ ਸਿੰਘ ਜ਼ਖ਼ਮੀ ਹੋ ਗਿਆ।‌
ਧਨੌਲਾ ਦੇ ਸਰਕਾਰੀ ਹਸਪਤਾਲ ’ਚ ਹਮਲੇ ’ਚ ਜਖ਼ਮੀ ਜ਼ੇਰੇ ਇਲਾਜ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਅਤੇ ਰੁਪਿੰਦਰ ਸ਼ਰਮਾ ਉਰਫ਼ ਸ਼ੈਲੀ ਆਪਣੇ ਮੋਟਰ ਸਾਈਕਲ ’ਤੇ ਆਪਣੇ ਪਿੰਡ ਕਾਲੇਕੇ ਦੇ ਬੈਂਕ ਨੇੜੇ ਪਹੁੰਚੇ ਤਾਂ ਅੱਗੇ ਤੋਂ 15-20 ਨੌਜਵਾਨਾਂ ਨੇ ਘੇਰ ਕੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ।‌ ਜਸਪਾਲ ਸਿੰਘ ਦੇ ਦੱਸਣ ਅਨੁਸਾਰ ਹਮਲਾਵਰਾਂ ਨੇ ਰਿਵਾਲਵਰ ਨਾਲ ਗੋਲੀਆਂ ਵੀ ਚਲਾਈਆਂ ਜਿਨਾਂ ਵਿੱਚੋਂ ਇੱਕ ਗੋਲੀ ਰੁਪਿੰਦਰ ਸਰਮਾ ਦੇ ਸਿਰ ਵਿੱਚ ਵੱਜੀ ਅਤੇ ਇੱਕ ਉਸ ਦੀ ਲੱਤ ਵਿੱਚ ਵੱਜੀ। ਉਸਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਰੁਪਿੰਦਰ ਸ਼ਰਮਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਸਪਾਲ ਸਿੰਘ ਨੇ ਦੱਸਿਆ ਕਿ ਇੱਕ ਗੋਲੀ ਉਸਦੇ ਵੀ ਖੱਬੇ ਹੱਥ ਵਿੱਚ ਲੱਗੀ ਅਤੇ ਉਹ ਜਖਮੀ ਹੋ ਕੇ ਡਿੱਗ ਪਿਆ। ਪਿੰਡ ਦੇ ਕੁਝ ਲੋਕਾਂ ਨੇ ਐਬੂਲੈਂਸ ਰਾਹੀਂ ਦੋਵੇਂ ਜਣਿਆਂ ਨੂੰ ਧਨੌਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਡਾਕਟਰ ਨੇ ਰੁਪਿੰਦਰ ਸ਼ਰਮਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਜਸਪਾਲ ਸਿੰਘ ਇਲਾਜ ਅਧੀਨ ਹੈ। ‌ ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਦੀ ਰੁਪਿੰਦਰ ਸ਼ਰਮਾ ਨਾਲ ਪੁਰਾਣੀ ਰੰਜਿਸ਼ ਸੀ ਜਿਸ ਦੇ ਚਲਦਿਆਂ ਦਸ ਕੁ ਦਿਨ ਪਹਿਲਾਂ ਵੀ ਉਸ ਦੀ ਧਨੌਲਾ ਵਿਖੇ ਕੁੱਟਮਾਰ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰੁਪਿੰਦਰ ਸ਼ਰਮਾ ਦੇ ਛੋਟੇ ਹੁੰਦੇ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸ ਨੂੰ ਚਾਚੇ ਹਰਵਿੰਦਰ ਸ਼ਰਮਾ ਨੇ ਪਾਲਿਆ ਸੀ।‌ ਜ਼ਿਕਰਯੋਗ ਹੈ ਕਿ ਮ੍ਰਿਤਕ ਰੁਪਿੰਦਰ ਸ਼ਰਮਾ ਦਾ ਚਾਚਾ ਹਰਵਿੰਦਰ ਸ਼ਰਮਾ ਅੱਜਕੱਲ੍ਹ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਬਤੌਰ ਗੰਨਮੈਨ ਡਿਊਟੀ ਦੇ ਰਿਹਾ ਹੈ। ਪੁਲਿਸ ਨੇ ਥਾਣਾ ਧਨੌਲਾ ਵਿਖੇ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਫੋਟੋ ਕੈਪਸ਼ਨ- ਮਿ੍ਰਤਕ ਰੁਪਿੰਦਰ ਸ਼ਰਮਾ ਦਾ ਫਾਇਲ ਫੋਟੋ

error: Content is protected !!