Gee 98News

ਚੰਡੀਗੜ੍ਹ, 27 ਮਈ, Gee98 news service
-ਪਿੰਡ ਦੇ ਦੋ ਧੜਿਆਂ ਦੀ ਗੈਂਗਵਾਰ ਵਿੱਚ ਇੱਕ 2 ਕੁ ਵਰ੍ਹਿਆਂ ਦੇ ਨੌਜਵਾਨ ਦੀ ਜਾਨ ਜਾਣ ਦੀ ਖ਼ਬਰ ਹੈ। ‌ ਰਾਏਕੋਟ ਨੇੜੇ ਥਾਣਾ ਸੁਧਾਰ ਦੇ ਪਿੰਡ ਰਾਜੋਆਣਾ ਕਲਾਂ ਵਿੱਚ ਨੌਜਵਾਨਾਂ ਦੇ ਦੋ ਗਰੁੱਪਾਂ ‘ਚ ਕਈ ਦਿਨਾਂ ਤੋਂ ਚਲੀ ਆ ਰਹੀ ਰੰਜਿਸ਼ ਉਸ ਵੇਲੇ ਖੂਨੀ ਰੂਪ ਧਾਰਨ ਕਰ ਗਈ ਜਦੋਂ ਇੱਕ ਗਰੁੱਪ ਨੇ ਦੂਜੇ ਗਰੁੱਪ ਨਾਲ ਸੰਬੰਧਿਤ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸਖਤ ਜ਼ਖਮੀ ਕਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨ ਦੀ ਪਹਿਚਾਣ ਰਾਜਨ ਸਿੰਘ ਪਿੰਡ ਹਾਂਸ ਕਲਾਂ ਵਜੋਂ ਹੋਈ ਹੈ। ਪ੍ਰਾਪਤ ਵੇਰਵੇ ਅਨੁਸਾਰ ਪਿੰਡ ਰਾਜੋਆਣਾ ਕਲਾਂ ਵਿੱਚ ਨੌਜਵਾਨਾਂ ਦੇ ਦੋ ਗਰੁੱਪ ਬਣੇ ਹੋਏ ਹਨ ਜਿਹਨਾਂ ਵਿੱਚੋਂ ਇੱਕ ਗੱਗੂ ਦਾ ਗਰੁੱਪ ਹੈ ਦੂਜਾ ਅਮਨਜੀਤ ਸਿੰਘ ਦਾ ਗਰੁੱਪ ਹੈ। ਦੋਵਾਂ ਦੀ ਆਪਸ ਵਿੱਚ ਅੱਖ ਮੈਲੀ ਹੈ। 14 ਮਈ ਨੂੰ ਗੱਗੂ ਗਰੁੱਪ ਦੇ ਬੰਦਿਆਂ ਨੇ ਅਮਨਜੀਤ ਸਿੰਘ ਨੂੰ ਘੇਰ ਕੇ ਕੁੱਟਮਾਰ ਕੀਤੀ ਉਸ ਤੋਂ ਬਾਅਦ ਅਮਨਜੀਤ ਸਿੰਘ ਕੁਝ ਬੰਦੇ ਲੈ ਕੇ ਗੱਗੂ ਦੇ ਘਰ ਗਿਆ, ਜਿੱਥੇ ਦੋਵਾਂ ਧਿਰਾਂ ਦੀ ਫੇਰ ਝੜਪ ਹੋ ਗਈ। ਹੁਣ 25 ਮਈ ਨੂੰ ਗੱਗੂ ਗਰੁੱਪ ਦੇ ਬੰਦਿਆਂ ਨੇ ਅਮਨਜੀਤ ਗਰੁੱਪ ਦੇ ਰਾਜਨ ਅਤੇ ਇੱਕ ਹੋਰ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਸ ਵਿੱਚ ਰਾਜਨ ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਸਖ਼ਤ ਜ਼ਖਮੀ ਹੋ ਗਿਆ ਜੋ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਇਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ‌ਇਸ ਮਾਮਲੇ ਵਿੱਚ ਥਾਣਾ ਸੁਧਾਰ ਦੀ ਪੁਲਿਸ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 14 ਮਈ ਨੂੰ ਦੋਵਾਂ ਧਿਰਾਂ ਦੀ ਲੜਾਈ ਦੀ ਸੂਚਨਾ ਥਾਣਾ ਸੁਧਾਰ ਵਿਖੇ ਪਹਿਲਾਂ ਹੀ ਦਰਜ ਹੈ ਪਰੰਤੂ ਪੁਲਿਸ ਨੇ 14 ਮਈ ਦੀ ਲੜਾਈ ਦੇ ਸਬੰਧ ਵਿੱਚ 25 ਮਈ ਤੱਕ ਕੋਈ ਕਾਰਵਾਈ ਨਹੀਂ ਕੀਤੀ। ਅਮਨਜੀਤ ਸਿੰਘ ਨੇ ਵੀ ਪੁਲਿਸ ਪਰ ਦੋਸ਼ ਲਗਾਏ ਕਿ ਉਹਨਾਂ ਨੇ 25 ਮਈ ਨੂੰ ਗੱਗੂ ਗਰੁੱਪ ਦੇ ਬੰਦਿਆਂ ਦੇ ਪਿੰਡ ‘ਚ ਤੇਜ਼ਧਾਰ ਹਥਿਆਰ ਲੈ ਕੇ ਘੁੰਮਣ ਸਬੰਧੀ ਪੁਲਿਸ ਨੂੰ ਸਮੇਂ ਸਿਰ ਸੂਚਨਾ ਦਿੱਤੀ ਪ੍ਰੰਤੂ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿੰਡ ਰਾਜੋਆਣਾ ਕਲਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ 14 ਮਈ ਦੀ ਘਟਨਾ ਦੇ ਸੰਬੰਧ ਵਿੱਚ ਥਾਣਾ ਸੁਧਾਰ ਵਿਖੇ ਦਿੱਤੀ ਦਰਖਾਸਤ ਉਪਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ 25 ਮਈ ਨੂੰ ਇਹ ਕਤਲ ਵਰਗੀ ਵੱਡੀ ਘਟਨਾ ਸ਼ਾਇਦ ਨਾ ਵਾਪਰਦੀ। ਇਸ ਮਾਮਲੇ ਸਬੰਧੀ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਸਾਰੇ ਮਾਮਲੇ ਨੂੰ ਡੀਐਸਪੀ ਦਾਖਾ ਜਤਿੰਦਰਪਾਲ ਸਿੰਘ ਖੁਦ ਦੇਖ ਰਹੇ ਹਨ ਅਤੇ ਕਤਲ ਦੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਐਸਐਸਪੀ ਨੇ ਕਿਹਾ ਕਿ ਜੇਕਰ ਦੋਵਾਂ ਧਿਰਾਂ ਦੀ ਪਹਿਲਾਂ ਹੋਈ ਝੜਪ ਸਬੰਧੀ ਦਰਖਾਸਤਾਂ ਉੱਪਰ ਕਾਰਵਾਈ ਸਬੰਧੀ ਥਾਣਾ ਸੁਧਾਰ ਦੀ ਪੁਲਿਸ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ-ਮ੍ਰਿਤਕ ਰਾਜਨ ਸਿੰਘ ਦੀ ਫਾਈਲ ਫੋਟੋ

Leave a Reply

Your email address will not be published. Required fields are marked *

error: Content is protected !!