ਮਹਿਲ ਕਲਾਂ, 29 ਮਈ (ਜਸਵੰਤ ਸਿੰਘ ਲਾਲੀ)-
-ਵੈਸੇ ਤਾਂ ਹਰ ਚੋਣਾਂ ਵਿੱਚ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਇਧਰੋਂ ਉਧਰ ਟਪੂਸੀਆਂ ਮਾਰਦੇ ਹਨ ਪਰੰਤੂ ਇਹਨਾਂ ਲੋਕ ਸਭਾ ਚੋਣਾਂ ਵਿੱਚ ਇਹ ਰੁਝਾਨ ਕੁਝ ਜਿਆਦਾ ਹੀ ਵੇਖਣ ਨੂੰ ਸਾਹਮਣੇ ਆ ਰਿਹਾ ਹੈ। ਜੇਕਰ ਮਹਿਲ ਕਲਾਂ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਉਂ ਪ੍ਰਤੀਤ ਹੁੰਦਾ ਕਿ ਇੱਥੇ ਸਿਆਸੀ ਟਪੂਸੀਆਂ ਮਾਰਨ ਵਾਲਿਆਂ ਦੀ ਹੋੜ ਲੱਗੀ ਹੋਈ ਹੈ। ਪਿਛਲੇ ਕੁਝ ਕੁ ਦਿਨਾਂ ਤੋਂ ਕਾਂਗਰਸ/ਅਕਾਲੀ ਦਲ ਦੇ ਕੁਝ ਆਗੂ ਦਲ ਬਦਲੀ ਕਰਕੇ ਝਾੜੂ ਚੁੱਕ ਰਹੇ ਹਨ। ਇਨਾ ਆਗੂਆਂ ਦਾ ਹਲਕਾ ਵਿਧਾਇਕ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਜਿੱਥੇ ਇੱਕ ਪਾਸੇ ਇਹਨਾਂ ਆਗੂਆਂ ਦੀ ਦਲ ਬਦਲੀ ਤੋਂ ਬਾਅਦ ਸੱਤਾਧਾਰੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਆਮਦ ਨਾਲ ਹਲਕੇ ਵਿੱਚ ਪਾਰਟੀ ਮਜ਼ਬੂਤ ਹੋਵੇਗੀ ਉੱਥੇ ਦੂਜੇ ਪਾਸੇ ਜਿਹੜੀਆਂ ਪਾਰਟੀਆਂ ਨੂੰ ਇਹ ਛੱਡ ਕੇ ਜਾ ਰਹੇ ਹਨ ਉਹਨਾਂ ਪਾਰਟੀਆਂ ਦੇ ਕਿਸੇ ਆਗੂ ਜਾਂ ਵਰਕਰ ਨੇ ਇਹ ਨਹੀਂ ਕਿਹਾ ਕਿ ਇਹਨਾਂ ਦੇ ਜਾਣ ਨਾਲ ਪਾਰਟੀ ਨੂੰ ਘਾਟਾ ਪਵੇਗਾ। ਇਹ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਦਲ ਬਦਲੀ ਕਰਕੇ ਆਏ ਇਹ ਆਗੂ ਜਦ ਸੱਤਾਧਾਰੀ ਪਾਰਟੀ ਦੇ ਸਮਾਗਮ ਵਿੱਚ ਮੂਹਰਲੀਆਂ ਕੁਰਸੀਆਂ ‘ਤੇ ਬੈਠੇ ਹੁੰਦੇ ਹਨ ਤਾਂ 2014 ਤੋਂ ਆਪ ਨਾਲ ਚੱਲੇ ਟਕਸਾਲੀ ਆਗੂ ਵਰਕਰ ਔਖ ਜਿਹੀ ਮਹਿਸੂਸ ਕਰਦੇ ਹਨ। ਚਰਚਾ ਇਹ ਵੀ ਹੈ ਕਿ ਦੂਜੀਆਂ ਪਾਰਟੀਆਂ ਚੋਂ ਪੱਟ ਕੇ ਸੱਤਾਧਾਰੀ ਪਾਰਟੀ ‘ਚ ਲਿਆਂਦੇ ਜਾ ਰਹੇ ਕੁਝ ਕੁ ਦਲ ਬਦਲੂਆਂ ਨੂੰ ਅਗਲੀਆਂ ਪੰਚਾਇਤ ਚੋਣਾਂ ਵਿੱਚ ਸਰਪੰਚੀ ਦੇ ਸੁਪਨੇ ਦਿਖਾਏ ਜਾ ਰਹੇ ਹਨ। ਇਹ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਸੱਤਾਧਾਰੀ ਆਗੂਆਂ ਵੱਲੋਂ ਕੁਝ ਅਜਿਹੇ ਦਲ ਬਦਲੂਆਂ ਨੂੰ ਆਪ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਜਿਨਾਂ ਉੱਪਰ ਲੰਘ ਚੁੱਕੇ ਸਮੇਂ ‘ਚ ਨਸ਼ਾ ਤਸਕਰ ਹੋਣ ਦੇ ਦੋਸ਼ ਲੱਗ ਚੁੱਕੇ ਹਨ। ਲੋਕ ਇਹ ਵੀ ਚਰਚਾ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਕੋਈ ਵੱਡੀ ਵਾਸ਼ਿੰਗ ਮਸ਼ੀਨ ਲਗਾ ਰੱਖੀ ਹੈ ਜਿਹੜੀ ਦੂਜੀਆਂ ਪਾਰਟੀਆਂ ਦੇ ਦਾਗਦਾਰ ਆਗੂਆਂ ਨੂੰ ਨਹਾ ਧੋ ਕੇ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਰਹੀ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਕੀ ਨਸ਼ਾ ਤਸਕਰਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕੇ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਨਸ਼ੇ ਦੇ ਖਿਲਾਫ ਆਪਣੀ ਲੜਾਈ ਖ਼ਤਮ ਕਰ ਦਿੱਤੀ ਹੈ। ਗੱਲ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਹਲਕਾ ਮਹਿਲ ਕਲਾਂ ਵਿੱਚ ਦਲ ਬਦਲੀ ਦੇ ਰੁਝਾਨ ਤੋਂ ਟਕਸਾਲੀ ਵਰਕਰ ਭੰਬਲ ਭੂਸੇ ਵਿੱਚ ਹਨ ਕਿ ਪੁਰਾਣਿਆਂ ਨੂੰ ਆਗੂ ਮੰਨਿਆ ਜਾਵੇ ਜਾਂ ਨਵੇਂ ਆਇਆਂ ਨੂੰ ਆਗੂ ਮੰਨਿਆ ਜਾਵੇ। ਹਲਕਾ ਮਹਿਲ ਕਲਾਂ ਚ ਦਲ ਬਦਲੂਆਂ ਦੀਆਂ ਗਤੀਵਿਧੀਆਂ ਤੋਂ ਵੋਟਰ ਇੰਨੇ ਕੁ ਭੰਬਲ ਭੂਸੇ ਵਿੱਚ ਹਨ ਕਿ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਧੰਨੇ ਦਾ ਮਾਸੜ ਕੌਣ ਹੈ ਭਾਵ ਕਿ ਸਾਡਾ ਕੌਣ ਤੇ ਪਰਾਇਆ ਕੌਣ ਹੈ। ਦੂਜੇ ਪਾਸੇ ਚਰਚਾ ਇਹ ਵੀ ਸੁਣ ਵਿੱਚ ਆ ਰਹੀ ਹੈ ਕਿ ਸਾਬਕਾ ਸਰਪੰਚਾਂ ਨੂੰ ਪ੍ਰੈਸ਼ਰ ਪਾ ਕੇ ਦਲ ਬਦਲੀ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।