Skip to main content

Gee 98News

ਖਿਡਾਰੀਆਂ ਦੀ ਚੋਣ ਨੀਤੀ ‘ਤੇ ਸਵਾਲ…ਸਿਰਫ 10 ਘੰਟੇ ‘ਚ 4.6 ਕਿਲੋ ਗ੍ਰਾਮ ਭਾਰ ਘੱਟ ਕੀਤਾ ਕਾਂਸੀ ਦਾ ਮੈਡਲ ਜਿੱਤਣ ਵਾਲੇ ਅਮਨ ਸਹਿਰਾਵਤ ਨੇ…!

ਚੰਡੀਗੜ੍ਹ,10 ਅਗਸਤ, Gee98 news service
-ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦੇ ਓਲੰਪਿਕ ਚੋਂ ਬਾਹਰ ਹੋਣ ਸਬੰਧੀ ਮਾਮਲਾ ਪੂਰਾ ਭਖਿਆ ਹੋਇਆ ਹੈ। ਵਿਨੇਸ਼ ਫੋਗਾਟ ਦੇ ਮਾਮਲੇ ਨੇ ਕਰੋੜਾਂ ਭਾਰਤੀਆਂ ਦਾ ਦਿਲ ਤੋੜ ਦਿੱਤਾ। ‌ ਇਸ ਮਾਮਲੇ ਦਾ ਸਭ ਤੋਂ ਮਾੜਾ ਪੱਖ ਇਹ ਰਿਹਾ ਕਿ ਵਿਨੇਸ਼ ਨੇ ਕੁਸ਼ਤੀ ਨੂੰ ਅਲਵਿਦਾ ਆਖ ਦਿੱਤਾ। ਚਰਚਾ ਹੋ ਰਹੀ ਹੈ ਕਿ ਵਿਨੇਸ਼ ਰਾਜਨੀਤੀ ਦਾ ਸ਼ਿਕਾਰ ਹੋਈ ਹੈ। ਇਹ ਇੱਕ ਵੱਖਰਾ ਮਾਮਲਾ ਹੈ ਪਰੰਤੂ ਇਸੇ ਦੌਰਾਨ ਇੱਕ ਹੋਰ ਮਾਮਲਾ ਸਾਹਮਣੇ ਆ ਰਿਹਾ ਜੋ ਭਾਰਤ ਸਰਕਾਰ ਅਤੇ ਭਾਰਤ ਦੇ ਓਲੰਪਿਕ ਐਸੋਸੀਏਸ਼ਨ ਵੱਲੋਂ ਖਿਡਾਰੀਆਂ ਦੀ ਚੋਣ ਨੀਤੀ ‘ਤੇ ਸਵਾਲ ਖੜੇ ਕਰਦਾ ਹੈ। ‌ ਸਾਹਮਣੇ ਆ ਰਿਹਾ ਹੈ ਕਿ 57 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੇ ਅਮਨ ਸਹਿਰਾਵਤ ਦਾ ਭਾਰ ਵੀ ਮੁਕਾਬਲੇ ਤੋਂ ਇਕ ਰਾਤ ਚਾਰ 4.6 kg ਵੱਧ ਸੀ। ‌ ਇਸ ਗੱਲ ਦਾ ਖੁਲਾਸਾ ਅਮਨ ਦੇ ਕੋਚ ਨੇ ਕੀਤਾ ਕਿ ਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਅਮਨ ਦਾ ਭਾਰ ਵੱਧ ਸੀ। ਕੋਚ ਨੇ ਦੱਸਿਆ ਕਿ ਸਿਰਫ 10 ਘੰਟਿਆਂ ਵਿੱਚ ਅਮਨ ਸਹਿਰਾਵਤ ਦਾ ਭਾਰ 4.6 ਕਿਲੋ ਗ੍ਰਾਮ ਘੱਟ ਕੀਤਾ ਗਿਆ। ਜੋ ਤਰੀਕੇ ਅਮਨ ਦਾ ਭਾਰ ਘੱਟ ਕਰਨ ਲਈ ਅਪਣਾਏ ਗਏ ਉਹ ਕਿਸੇ ਖਿਡਾਰੀ ਉੱਪਰ ਕੀਤੇ ਜ਼ੁਲਮ ਤੋਂ ਘੱਟ ਨਹੀਂ ਹਨ। ਖੇਡ ਦੇ ਨਜ਼ਰੀਏ ਤੋਂ ਇਸ ਨੂੰ ਖਿਡਾਰੀ ਦੀ ਮਿਹਨਤ ਮੰਨਿਆ ਜਾ ਸਕਦਾ ਕਿ ਉਸਨੇ ਆਪਣੀ ਮਿਹਨਤ ਨਾਲ ਆਪਣਾ ਭਾਰ ਘੱਟ ਕੀਤਾ ਪ੍ਰੰਤੂ ਵੱਡਾ ਸਵਾਲ ਇਹ ਹੈ ਕਿ ਖਿਡਾਰੀ ਨੂੰ ਉਸ ਦੀ ਬਣਦੀ ਭਾਰ ਸ੍ਰੇਣੀ ਵਿੱਚ ਹੀ ਕਿਉਂ ਨਹੀਂ ਭੇਜਿਆ ਜਾ ਰਿਹਾ। ਵਿਨੇਸ਼ ਫੋਗਾਟ ਨੂੰ ਵੀ ਉਸਦੀ ਬਣਦੀ ਭਾਰ ਸ੍ਰੇਣੀ ਤੋਂ ਇਲਾਵਾ ਦੂਜੀ ਭਾਰ ਸ਼੍ਰੇਣੀ ਲਈ ਚੁਣਿਆ ਗਿਆ ਸੀ। ਅਮਨ ਦੇ ਕੋਚ ਨੇ ਦੱਸਿਆ ਕਿ ਸੈਮੀ ਫਾਈਨਲ ਤੋਂ ਬਾਅਦ ਅਮਨ ਦਾ ਭਾਰ 61.5 ਕਿਲੋਗ੍ਰਾਮ ਸੀ। ਅਮਨ ਕੋਲ ਸਿਰਫ 10 ਘੰਟੇ ਦਾ ਸਮਾਂ ਸੀ। ਭਾਰਤ ਦੇ ਸੀਨੀਅਰ ਕੋਚ ਜਗਮੰਦਰ ਸਿੰਘ ਅਤੇ ਬੀਰੇਂਦਰ ਦਹੀਆ ਦੇ ਸਾਹਮਣੇ ਇਹ ਸਭ ਤੋਂ ਵੱਡੀ ਚੁਣੌਤੀ ਸੀ ਕਿ ਸਵੇਰ ਤੱਕ ਮੁਕਾਬਲੇ ਤੋਂ ਪਹਿਲਾਂ ਅਮਨ ਦਾ ਭਾਰ ਕਿਵੇਂ ਘਟ ਕੀਤਾ ਜਾਵੇ। ‌ ਇਥੋਂ ਸ਼ੁਰੂ ਹੁੰਦੀ ਹੈ ਅਮਨ ਦਾ ਭਾਰ ਘਟਾਉਣ ਸਬੰਧੀ ਗਤੀਵਿਧੀਆਂ ਦੀ ਲੜੀ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ ਕਿ ਕਿਵੇਂ ਇੱਕ ਖਿਡਾਰੀ ਨੇ ਦਸ ਘੰਟਿਆਂ ਵਿੱਚ ਆਪਣਾ ਭਾਰ ਚਾਰ ਕਿਲੋ ਤੋਂ ਵੀ ਘਟਾ ਲਿਆ। ਅਮਨ ਦੇ ਕੋਚ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਡੇਢ ਘੰਟੇ ਤੱਕ ਕੋਚ ਨੇ ਅਮਨ ਦੀ ਖੜੇ ਹੋ ਕੇ ਕੁਸ਼ਤੀ ਕਰਵਾਈ ਅਤੇ ਇਸ ਤੋਂ ਬਾਅਦ ਇੱਕ ਘੰਟੇ ਤੱਕ ਉਸ ਨੂੰ ਗਰਮ ਪਾਣੀ ਨਾਲ ਨਹਾਇਆ। ‌ ਰਾਤ 12:30 ਵਜੇ ਜਿੰਮ ਵਿੱਚ ਟ੍ਰੇਡਮਿਲ ‘ਤੇ ਬਿਨਾਂ ਰੁਕੇ ਇੱਕ ਘੰਟੇ ਤੱਕ ਦੌੜ ਲਗਾਈ। ਇਸ ਤੋਂ ਬਾਅਦ ਅਮਨ ਨੂੰ 30 ਮਿੰਟ ਦੀ ਬ੍ਰੇਕ ਦਿੱਤੀ ਗਈ ਅਤੇ ਉਸ ਤੋਂ ਬਾਅਦ ਪੰਜ-ਪੰਜ ਮਿੰਟ ਦੇ ਸੋਨਾ ਬਾਥ ਸੈਸ਼ਨ ਹੋਏ। ਇਥੋਂ ਤੱਕ ਵੀ ਅਮਨ ਸਹਿਰਾਵਤ ਦਾ ਭਾਰ 57 ਕਿਲੋ ਤੋਂ ਵੱਧ ਸੀ। ‌ ਫਿਰ ਉਸਨੂੰ ਹਲਕੀ ਜੋਗਿੰਗ ਕਰਨ ਲਈ ਕਿਹਾ ਗਿਆ ਅਤੇ ਇਸ ਤੋਂ ਬਾਅਦ 15-15 ਮਿੰਟ ਦੇ 5 ਰਨਿੰਗ ਸੈਸ਼ਨ ਹੋਏ। ਸਵੇਰੇ ਸਾਢੇ ਚਾਰ ਵਜੇ ਤੱਕ ਅਮਨ ਸਹਿਰਾਵਤ ਦਾ ਭਾਰ 57 ਕਿਲੋ ਤੋਂ ਸਿਰਫ 100 ਗ੍ਰਾਮ ਘੱਟ ਹੋਇਆ। ਭਾਰ ਘਟਾਉਣ ਲਈ ਕੀਤੀ ਹੱਡ ਭੰਨਵੀ ਮਿਹਨਤ ਦੇ ਦੌਰਾਨ ਅਮਨ ਨੂੰ ਸਿਰਫ ਨਿੰਬੂ ਅਤੇ ਸ਼ਹਿਦ ਦੇ ਨਾਲ ਕੋਸਾ ਪਾਣੀ ਦਿੱਤਾ ਗਿਆ ਅਤੇ ਥੋੜੀ ਜਿਹੀ ਕੌਫੀ ਦਿੱਤੀ ਗਈ। ਕੋਚ ਦੇ ਦੱਸਣ ਅਨੁਸਾਰ ਸਾਢੇ ਚਾਰ ਵਜੇ ਤੋਂ ਬਾਅਦ ਸਵੇਰ ਤੱਕ ਅਮਨ ਨੂੰ ਨੀਂਦ ਨਹੀਂ ਆਈ ਅਤੇ ਇਸ ਦੌਰਾਨ ਕੋਚ ਨੇ ਹਰ ਘੰਟੇ ਬਾਅਦ ਅਮਨ ਦਾ ਭਾਰ ਤੋਲਿਆ। ‌ ਮੁਕਾਬਲਾ ਹੋਣ ਤੱਕ ਅਮਨ ਨੇ ਆਪਣਾ ਭਾਰ 57 ਕਿਲੋਗ੍ਰਾਮ ਤੋਂ ਘੱਟ ਰੱਖਿਆ ਅਤੇ ਉਸਨੇ ਕਾਂਸੇ ਦੇ ਮੈਡਲ ਲਈ ਹੋਇਆ ਮੈਚ ਜਿੱਤ ਕੇ ਸਭ ਤੋਂ ਛੋਟੀ ਉਮਰ ਦਾ ਓਲੰਪਿਕ ਮੈਡਲਿਸਟ ਹੋਣ ਦਾ ਮਾਣ ਪ੍ਰਾਪਤ ਕੀਤਾ। ਹੁਣ ਇੱਥੇ ਸਵਾਲ ਉੱਠਦੇ ਹਨ ਕਿ ਜੋ ਮੁਸ਼ੱਕਤ ਵਿਨੇਸ਼ ਫੋਗਾਟ ਅਤੇ ਅਮਨ ਸਹਿਰਾਵਤ ਨੇ ਆਪਣਾ ਭਾਰ ਘਟਾਉਣ ਲਈ ਕੀਤੀ ਉਸ ਦੀ ਲੋੜ ਹੀ ਕਿਉਂ ਪਈ।‌ ਆਖਰ ਭਾਰਤੀ ਓਲੰਪਿਕ ਅਸੋਸੀਏਸ਼ਨ ਵੱਲੋਂ ਖਿਡਾਰੀਆਂ ਨੂੰ ਉਹਨਾਂ ਦੀ ਭਾਰ ਸ਼੍ਰੇਣੀ ਵਿੱਚ ਹੀ ਟ੍ਰੇਂਡ ਕਿਉਂ ਨਹੀਂ ਕੀਤਾ ਜਾਂਦਾ ਅਤੇ ਕਿਉਂ ਉਹਨਾਂ ਨੂੰ ਘੱਟ ਭਾਰ ਸ੍ਰੇਣੀ ਵਿੱਚ ਖੇਡਣ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਫਿਰ ਉਹਨਾਂ ਦੀ ਕਿਸ ਨੀਤੀ ਤਹਿਤ ਘੱਟ ਭਾਰਤ ਸ਼੍ਰੇਣੀ ਵਿੱਚ ਚੋਣ ਕੀਤੀ ਜਾਂਦੀ ਹੈ।

error: Content is protected !!