Skip to main content

Gee 98News

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲਾ,30 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-

ਨਗਰ ਸੁਧਾਰ ਟਰੱਸਟ ਦੇ ਸਾਹਮਣੇ ਟਰੱਸਟ ਦੀ ਮਾਲਕੀ ਵਾਲੀ ਜਗ੍ਹਾ ਵਿੱਚੋਂ ਵੱਡੀ ਗਿਣਤੀ ਵਿੱਚ ਪੁੱਟੇ ਗਏ ਦਰੱਖ਼ਤਾਂ ਦੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਟ੍ਰਿਬਿਊਨਲ ਵੱਲੋਂ ਗਠਿਤ ਕੀਤੀ ਟੀਮ ਨੇ ਅੱਜ ਬਰਨਾਲਾ ਪੁੱਜ ਕੇ ਦਰੱਖ਼ਤ ਪੁੱਟੇ ਜਾਣ ਸਬੰਧੀ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ। ‌ ਬਰਨਾਲਾ ਦੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਦੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਐਨਜੀਟੀ ਵੱਲੋਂ ਕੇਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ ਦੇ ਅਧਿਕਾਰੀ ਜੇ.ਪੀ ਮੀਨਾ ਐਸ.ਸੀ.ਈ, ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ ਦੇ ਅਧਿਕਾਰੀ ਸਨੀ ਗੋਇਲ ਤੇ ਵਣ ਵਿਭਾਗ ਪੰਜਾਬ ਦੇ ਡੀ.ਐਫ.ਓ. ਸੰਗਰੂਰ ਦੀ ਟੀਮ ਦੇ ਮੈਂਬਰਾਂ ‘ਤੇ ਅਧਾਰਿਤ ਪੜ੍ਹਤਾਲੀਆ ਟੀਮ ਨੇ ਦਰੱਖ਼ਤ ਪੁੱਟੇ ਜਾਣ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ। ‌ ਟੀਮ ਦੇ ਅਧਿਕਾਰੀਆਂ ਨੇ ਪੁੱਟੇ ਗਏ ਦਰੱਖ਼ਤਾਂ ਦੇ ਤਣਿਆਂ ਦੀ ਮਿਣਤੀ ਵੀ ਕੀਤੀ। ਟੀਮ ਦੇ ਮੈਂਬਰਾਂ ਵੱਲੋਂ ਟਰੱਸਟ ਦੇ ਦਫ਼ਤਰ ਵਿੱਚ ਵੀ ਪੁੱਟ ਕੇ ਸੁੱਟੇ ਗਏ ਦਰੱਖ਼ਤਾਂ ਨੂੰ ਵੀ ਵੇਖਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਨਜੀਟੀ ਦੀ ਪੜ੍ਹਤਾਲੀਆ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਮੌਕੇ ‘ਤੇ ਜਿਸ ਤਰ੍ਹਾਂ ਦੇ ਹਾਲਾਤ ਵੇਖੇ ਗਏ ਹਨ ਉਹਨਾਂ ਤੋਂ ਦਰੱਖਤ ਪੁੱਟੇ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ। ਉਨਾਂ ਕਿਹਾ ਕਿ ਸਮੁੱਚੀ ਪੜ੍ਹਤਾਲ ਰਿਪੋਰਟ ਟ੍ਰਿਬਿਊਨਲ ਦੇ ਅੱਗੇ ਰੱਖੀ ਜਾਵੇਗੀ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਟ੍ਰਿਬਿਊਨਲ ਵੱਲੋਂ ਹੀ ਕੀਤੀ ਜਾਵੇਗੀ। ‌

Gee98 Ads

ਅਸੀਂ ਗੁਰਦੁਆਰੇ ਚੱਲਦੇ ਹਾਂ….ਜਾਂ ਫਿਰ ਤੁਸੀਂ ਚੱਲੋ-
ਟਰੱਸਟ ਦੇ ਸਾਹਮਣੇ ਜਗ੍ਹਾ ਵਿੱਚੋਂ ਦਰੱਖ਼ਤ ਪੁੱਟੇ ਜਾਣ ਦੀ ਪੜ੍ਹਤਾਲ ਸਮੇਂ ਹਾਲਾਤ ਉਸ ਵੇਲੇ ਦਿਲਚਸਪ ਬਣ ਗਏ ਜਦ ਟਰੱਸਟ ਦੇ ਅਧਿਕਾਰੀਆਂ ਨੇ ਪੜ੍ਹਤਾਲ ਟੀਮ ਦੇ ਮੈਂਬਰਾਂ ਨੂੰ ਕਿਹਾ ਕਿ ਉਹਨਾਂ ਨੇ ਤਾਂ ਸਿਰਫ਼ ਇੱਥੋਂ ਝੁੱਗੀਆਂ ਹੀ ਚੁਕਵਾਈਆਂ ਹਨ ਜਦਕਿ ਦਰੱਖ਼ਤ ਤਾਂ ਝੁੱਗੀਆਂ ਵਾਲਿਆਂ ਨੇ ਪੁੱਟੇ ਹਨ। ਇਸ ਮੌਕੇ ਹਾਜ਼ਰ ਝੁੱਗੀਆਂ ਵਾਲਿਆਂ ਨੇ ਟਰੱਸਟ ਦੇ ਅਧਿਕਾਰੀਆਂ ਦੇ ਇਹਨਾਂ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦੇ ਹੋਏ ਕਿਹਾ ਕਿ ਤੁਸੀਂ ਸਾਡੇ ਨਾਲ ਗੁਰਦੁਆਰੇ ਚੱਲੋ,ਉਥੇ ਦੁੱਧ ਦਾ ਦੁੱਧ…ਪਾਣੀ ਦਾ ਪਾਣੀ ਹੋ ਜਾਵੇਗਾ,ਜੇਕਰ ਅਸੀਂ ਦਰੱਖ਼ਤ ਪੁੱਟੇ ਹੋਏ ਤਾਂ ਪਰਮਾਤਮਾ ਸਾਨੂੰ ਵੇਖੇਗਾ, ਨਹੀਂ ਤਾਂ ਤੁਹਾਨੂੰ ਵੇਖੇਗਾ”। ‌ ਝੁੱਗੀਆਂ ਵਾਲਿਆਂ ਨੇ ਕਿਹਾ ਕਿ ਝੁੱਗੀਆਂ ਢਾਹੁਣ ਦੀ ਕਾਰਵਾਈ ਐਨੀ ਤੇਜ਼ੀ ਨਾਲ ਕੀਤੀ ਗਈ ਕਿ ਉਹਨਾਂ ਨੂੰ ਆਪਣਾ ਸਮਾਨ ਵੀ ਨਹੀਂ ਸੰਭਾਲਣ ਦਿੱਤਾ ਗਿਆ, ਉਹ ਦਰੱਖ਼ਤ ਕਿੱਥੋਂ ਪੁੱਟ ਲੈਂਦੇ। ਝੁੱਗੀਆਂ ਵਾਲਿਆਂ ਨੇ ਪੱਤਰਕਾਰਾਂ ਦੇ ਕੈਮਰਿਆਂ ਸਾਹਮਣੇ ਟਰੱਸਟ ਦੇ ਅਧਿਕਾਰੀਆਂ ਨੂੰ ਚੈਲਿੰਜ ਕੀਤਾ ਕਿ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਜਨਤਕ ਕਰੋ ਜਿਸ ਤੋਂ ਸਪੱਸ਼ਟ ਹੋ ਜਾਵੇਗਾ ਕਿ ਇਥੋਂ ਪੁੱਟੇ ਦਰੱਖ਼ਤਾਂ ਦੀਆਂ ਟਰਾਲੀਆਂ ਭਰ ਕੇ ਕੌਣ ਲਿਜਾ ਰਿਹਾ ਹੈ। ‌

ਟਰੱਸਟ ਦੇ ਅਧਿਕਾਰੀਆਂ ਨੇ ਦਿੱਤਾ ਹਾਸੋਹੀਣਾ ਤਰਕ
ਇਸ ਮੌਕੇ ਹਾਜ਼ਰ ਪੱਤਰਕਾਰਾਂ ਅਤੇ ਆਮ ਲੋਕਾਂ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਟਰੱਸਟ ਦੇ ਐਕਸੀਐਨ ਨੇ ਤਰਕ ਦਿੱਤਾ ਕਿ ਇਥੋਂ ਦਰੱਖ਼ਤ ਪੁੱਟੇ ਜਾਣ ਦਾ ਮਾਮਲਾ ਅਸਲ ਵਿੱਚ ਕੋਈ ਮੁੱਦਾ ਨਹੀਂ ਹੈ ਇਹ ਤਾਂ ਸਿਰਫ਼ ਪੋਲੀਟੀਕਲ ਮਾਮਲਾ ਹੈ। ਜਦੋਂ ਪੱਤਰਕਾਰਾਂ ਨੇ ਐਕਸੀਅਨ ਨੂੰ ਸਵਾਲ ਕੀਤਾ ਕਿ ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਪੌਲੀਟੀਕਲ ਮੰਨਦੇ ਹੋ ? ਕੀ ਇਥੋਂ ਦਰੱਖ਼ਤ ਭਾਜਪਾ, ਅਕਾਲੀ ਦਲ ਜਾਂ ਕਾਂਗਰਸ ਨੇ ਪਟਾਏ ਹਨ ਤਾਂ ਟਰੱਸਟ ਅਧਿਕਾਰੀ ਕੋਈ ਠੋਸ ਜਵਾਬ ਨਹੀਂ ਦੇ ਸਕੇ। ਇਸ ਮੌਕੇ ਟਰੱਸਟ ਦੇ ਅਧਿਕਾਰੀਆਂ ਦੀ ਸਰੀਰਕ ਭਾਸ਼ਾ ਦੇ ਮੱਦੇਨਜ਼ਰ ਇਉਂ ਲੱਗਦਾ ਰਿਹੈ ਕਿ ਟਰੱਸਟ ਅਧਿਕਾਰੀ ਆਪਣੇ ਅਹੁਦੇ ਵੱਲੋਂ ਨਹੀਂ ਸਗੋਂ ਸੱਤਾਧਾਰੀ ਪਾਰਟੀ ਵੱਲੋਂ ਆਪਣਾ ਪੱਖ ਰੱਖ ਰਹੇ ਹੋਣ।
ਦਰੱਖਤ ਪੁੱਟੇ ਜਾਣ ਸਬੰਧੀ ਨਹੀਂ ਪੇਸ਼ ਕੀਤੀ ਕੋਈ ਮਨਜ਼ੂਰੀ
ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਟੀਮ ਨੇ ਜਦ ਟਰੱਸਟ ਦੇ ਚੇਅਰਮੈਨ ਅਤੇ ਅਧਿਕਾਰੀਆਂ ਤੋਂ ਦਰੱਖਤ ਪੁੱਟੇ ਜਾਣ ਸਬੰਧੀ ਕੋਈ ਮਨਜ਼ੂਰੀ ਦਿਖਾਉਣ ਲਈ ਕਿਹਾ ਤਾਂ ਮੌਕੇ ‘ਤੇ ਹਾਜ਼ਰ ਟਰੱਸਟ ਦੇ ਅਧਿਕਾਰੀ ਅਜਿਹਾ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ, ਜਦ ਕਿ ਮੌਕੇ ‘ਤੇ ਹਾਜ਼ਰ ਪਟੀਸ਼ਨਕਰਤਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਨਜ਼ੂਰੀ ਤਾਂ ਮਿਲ ਹੀ ਨਹੀਂ ਸਕਦੀ ਕਿਉਂਕਿ ਹਾਈਕੋਰਟ ਨੇ ਕਿਸੇ ਵੀ ਕਿਸਮ ਅਤੇ ਕਿਸੇ ਵੀ ਉਮਰ ਦਾ ਦਰੱਖਤ ਪੁੱਟਣ ‘ਤੇ ਪਾਬੰਦੀ ਲਾਗੂ ਕੀਤੀ ਹੋਈ ਹੈ। ਪੜ੍ਹਤਾਲੀਆ ਟੀਮ ਦੇ ਮੈਂਬਰ ਪੜ੍ਹਤਾਲ ਦੌਰਾਨ ਆਪਣੀਆਂ ਡਾਇਰੀਆਂ ਵਿੱਚ ਕੁਝ ਤੱਥ ਵੀ ਨੋਟ ਕਰਦੇ ਵੇਖੇ ਗਏ। ਬਹਰਹਾਲ ! ਹੁਣ ਵਾਤਾਵਰਨ ਪ੍ਰੇਮੀਆਂ ਦੀਆਂ ਨਜ਼ਰਾਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਅਗਲੇ ਹੁਕਮਾਂ ‘ਤੇ ਟਿਕ ਗਈਆਂ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਐਨਜੀਟੀ ਦੀ ਪੜ੍ਹਤਾਲੀਆ ਟੀਮ ਨੇ ਜ਼ਿਲ੍ਹੇ ਦੇ ਪਿੰਡ ਧਨੇਰ, ਬਦਰਾ ਤੇ ਬਖਤਗੜ੍ਹ ਦਾ ਦੌਰਾ ਵੀ ਕਰਨਾ ਸੀ ਪ੍ਰੰਤੂ ਸਮੇਂ ਦੀ ਘਾਟ ਕਾਰਨ ਟੀਮ ਦੇ ਮੈਂਬਰ ਉੱਥੇ ਨਹੀਂ ਜਾ ਸਕੇ ਜਿਸ ਸਬੰਧੀ ਪੁੱਛੇ ਜਾਣ ਦੇ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਉਹ ਇਹਨਾਂ ਪਿੰਡਾਂ ਵਿੱਚੋਂ ਪੁੱਟੇ ਗਏ ਦਰੱਖ਼ਤਾਂ ਦੀ ਪੜ੍ਹਤਾਲ ਲਈ ਦੁਬਾਰਾ ਆਉਣਗੇ।

Gee98 Ads
error: Content is protected !!