ਚੰਡੀਗੜ੍ਹ,31 ਜਨਵਰੀ Gee98 News service
- ਮੇਰੇ ਭਾਰਤ ਮਹਾਨ ਦੇ ਇੱਕ ਮੌਜੂਦਾ ਮੈਂਬਰ ਪਾਰਲੀਮੈਂਟ ਨੂੰ ਲੋਕਾਂ ਦੇ ਗੁੱਸੇ ਦਾ ਇੱਥੋਂ ਤੱਕ ਸ਼ਿਕਾਰ ਹੋਣਾ ਪਿਆ ਕਿ ਲੋਕਾਂ ਨੇ ਇਕੱਠੇ ਹੋ ਕੇ ਡਾਂਗਾਂ ਨਾਲ ਮੈਂਬਰ ਪਾਰਲੀਮੈਂਟ ਦਾ ਸਿਰ ਪਾੜ ਦਿੱਤਾ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ
ਬਿਹਾਰ ਦੇ ਸਾਸਾਰਾਮ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੋਜ ਕੁਮਾਰ ਨੂੰ ਕੈਮੂਰ ਜ਼ਿਲ੍ਹੇ ਦੇ ਕੁਦਰਾ ਬਲਾਕ ਦੇ ਨਾਥੂਪੁਰ ਪਿੰਡ ਵਿੱਚ ਲੋਕਾਂ ਨੇ ਪਿੱਛਾ ਕਰਕੇ ਘੇਰ ਲਿਆ ਤੇ ਭਜਾ ਭਜਾ ਕੇ ਕੁੱਟਿਆ। ਇਸ ਦੌਰਾਨ ਕੁਝ ਲੋਕਾਂ ਨੇ ਮੈਂਬਰ ਪਾਰਲੀਮੈਂਟ ਮਨੋਜ ਕੁਮਾਰ ਦੇ ਸਿਰ ਵਿੱਚ ਸੱਟ ਮਾਰੀ ਜਿਸ ਨਾਲ ਉਹਨਾਂ ਦਾ ਸਿਰ ਪਾੜ ਗਿਆ। ਵੱਡੀ ਗਿਣਤੀ ਰੋਹ ਵਿੱਚ ਆਏ ਲੋਕਾਂ ਨੇ ਮੈਂਬਰ ਪਾਰਲੀਮੈਂਟ ਦੇ ਸੁਰੱਖਿਆ ਗਾਰਡਾਂ ਦਾ ਪਿੱਛਾ ਵੀ ਕੀਤਾ। ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਸੁਰੱਖਿਆ ਗਾਰਡ ਵੀ ਕੁਝ ਨਹੀਂ ਕਰ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਮੀਨ ਦੀ ਖਰੀਦ ਵੇਚ ਨੂੰ ਲੈ ਕੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਮੈਂਬਰ ਪਾਰਲੀਮੈਂਟ ਦੇ ਭਰਾ ਦਾ ਪਿੰਡ ਵਾਸੀਆਂ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸੇ ਕਰਕੇ ਪਿੰਡ ਵਾਸੀ ਮੈਂਬਰ ਪਾਰਲੀਮੈਂਟ ਅਤੇ ਉਸਦੇ ਭਰਾ ਤੋਂ ਨਰਾਜ਼ ਸਨ। ਇਸ ਦੌਰਾਨ ਜਦੋਂ ਮੈਂਬਰ ਪਾਰਲੀਮੈਂਟ ਇਲਾਕੇ ‘ਚ ਪੁੱਜੇ ਤਾਂ ਪਿੰਡ ਵਾਸੀਆਂ ਨੇ ਉਹਨਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਮੈਂਬਰ ਪਾਰਲੀਮੈਂਟ ਮਨੋਜ ਕੁਮਾਰ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਤੇ ਉਹਨਾਂ ਨੂੰ ਇਲਾਜ ਲਈ ਪਟਨਾ ਹਸਪਤਾਲ ਭੇਜਿਆ ਗਿਆ ਹੈ।