ਚੰਡੀਗੜ੍ਹ,29 ਜਨਵਰੀ, Gee98 News service
-ਨਗਰ ਨਿਗਮ ਚੰਡੀਗੜ੍ਹ ਦੇ ਵਿਹੜੇ ਵਿੱਚ ਭਾਜਪਾ ਕਮਲ ਦਾ ਫੁੱਲ ਸ਼ਾਨੋ ਸ਼ੌਕਤ ਨਾਲ ਖਿੜਾਉਣ ਵਿੱਚ ਕਾਮਯਾਬ ਰਹੀ। ਭਾਜਪਾ ਨੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਜਿੱਤ ਲਈ ਹੈ, ਜਦਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਟੁੱਟਣ ਤੋਂ ਬਾਅਦ ਇਹ ਪਹਿਲਾਂ ਹੀ ਤੈਅ ਮੰਨਿਆ ਜਾ ਰਿਹਾ ਸੀ ਕਿ ਤਿੰਨੇ ਅਹੁਦੇ ਭਾਜਪਾ ਆਸਾਨੀ ਨਾਲ ਜਿੱਤ ਲਵੇਗੀ। ਚੋਣ ਨਤੀਜਿਆਂ ਮੁਤਾਬਿਕ ਭਾਜਪਾ ਦੇ ਸੌਰਭ ਜੋਸ਼ੀ ਚੰਡੀਗੜ੍ਹ ਦੇ ਮੇਅਰ ਬਣ ਗਏ ਹਨ ਜਦੋਂ ਕਿ ਭਾਜਪਾ ਦੇ ਹੀ ਜਸਮਨਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਅਤੇ ਭਾਜਪਾ ਦੀ ਸੁਮਨ ਸ਼ਰਮਾ ਡਿਪਟੀ ਮੇਅਰ ਚੁਣੀ ਗਈ ਹੈ। ਇਸ ਵਾਰ ਵੋਟਾਂ ਕੌਂਸਲਰਾਂ ਦੇ ਹੱਥ ਖੜੇ ਕਰਕੇ ਪਵਾਈਆਂ ਗਈਆਂ ਸਨ। ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ 18 ਕੌਂਸਲਰਾਂ ਨੇ ਹੱਥ ਖੜੇ ਕੀਤੇ, ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ 11, ਜਦਕਿ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿੱਚ 7 ਕੌਂਸਲਰਾਂ ਨੇ ਹੱਥ ਖੜੇ ਕੀਤੇ। ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਟੁੱਟਣ ਤੋਂ ਬਾਅਦ ਵੀ ਦੋਵੇਂ ਪਾਰਟੀਆਂ ਨੇ ਕੋਸ਼ਿਸ਼ ਕੀਤੀ ਦੁਬਾਰਾ ਗੱਠਜੋੜ ਕਰਨ ਦੀ ਪ੍ਰੰਤੂ ਗੱਲ ਨਹੀਂ ਬਣੀ ਜਿਸ ਕਰਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਵੰਡੀਆਂ ਗਈਆਂ ਅਤੇ ਭਾਜਪਾ ਆਸਾਨੀ ਨਾਲ ਨਗਰ ਨਿਗਮ ਦੇ ਤਿੰਨੇ ਅਹੁਦੇ ਜਿੱਤ ਗਈ।










