ਚੰਡੀਗੜ੍ਹ ,29 ਜਨਵਰੀ , Gee98 News service –
-ਵਿਦੇਸ਼ ਬੈਠਾ ਖਤਰਨਾਕ ਗੈਂਗਸਟਰ ਗੋਲਡੀ ਬਰਾੜ ਪੰਜਾਬ ਪੁਲਿਸ ਵੱਲੋਂ ਆਪਣੇ ਮਾਤਾ ਪਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੁਖਲਾ ਗਿਆ ਹੈ। ਗੋਲਡੀ ਬਰਾੜ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸਨੇ ਆਪਣੇ ਮਾਤਾ ਪਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਅਤੇ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਧਮਕੀਆਂ ਦਿੱਤੀਆਂ ਹਨ। ਹਾਲਾਂਕਿ ਅਦਾਰਾ Gee98 News ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪ੍ਰੰਤੂ ਸੂਤਰਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਆਡੀਓ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਧਮਕੀਆਂ ਦਿੰਦਾ ਹੋਇਆ ਗੋਲਡੀ ਬਰਾੜ ਕਹਿੰਦਾ ਹੈ ਕਿ ਪੁਲਿਸ ਅਤੇ ਸਿਆਸੀ ਲੀਡਰਾਂ ਦੇ ਬੱਚੇ ਵਿਦੇਸ਼ ਵਿੱਚ ਕਿੱਥੇ ਕਿੱਥੇ ਹਨ, ਉਸ ਨੂੰ ਸਾਰਾ ਪਤਾ ਹੈ। ਉਹ ਧਮਕੀ ਦਿੰਦਾ ਹੋਇਆ ਅੱਗੇ ਕਹਿੰਦਾ ਹੈ ਕਿ “ਤੁਸੀਂ ਸਿਰਫ਼ ਪੰਜਾਬ ਵਿੱਚ ਹੋ ਅਤੇ ਅਸੀਂ ਪੂਰੀ ਦੁਨੀਆਂ ਵਿੱਚ ਹਾਂ, ਜੇ ਅਸੀਂ ਨਜਾਇਜ਼ ਧੱਕਾ ਕਰਨਾ ਸ਼ੁਰੂ ਕੀਤਾ ਤਾਂ ਹਰ ਰੋਜ਼ ਇੱਕ ਵਿਅਕਤੀ ਮਾਰ ਸਕਦੇ ਹਾਂ ਇਸ ਲਈ ਆਪਣੀ ਹੱਦ ਵਿੱਚ ਰਹੋ”। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਦੋ ਸਾਲ ਪੁਰਾਣੇ ਫਿਰੌਤੀ ਦੇ ਇੱਕ ਮਾਮਲੇ ਵਿੱਚ ਅੰਮ੍ਰਿਤਸਰ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ 30 ਜਨਵਰੀ ਤੱਕ ਪੁਲਿਸ ਹਿਰਾਸਤ ਵਿੱਚ ਭੇਜਿਆ ਹੈ। ਗੋਲਡੀ ਬਰਾੜ ਨੇ ਕਿਹਾ ਕਿ “ਉਸ ਦੇ ਮਾਤਾ ਪਿਤਾ ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਗਿਆ ਨੂੰ ਫੜ ਲਿਆ ਗਿਆ। ਉਸਨੇ ਕਿਹਾ ਕਿ ਇਹ ਸਹੀ ਨਹੀਂ ਕੀਤਾ ਗਿਆ ਤੇ ਇਸ ਤਰ੍ਹਾਂ ਉਸਨੂੰ ਡਰਾਇਆ ਨਹੀਂ ਜਾ ਸਕਦਾ, ਗੋਲਡੀ ਬਰਾੜ ਨੇ ਕਿਹਾ ਕਿ ਉਸਦੇ ਬਜ਼ੁਰਗ ਮਾਤਾ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਹੱਦ ਪਾਰ ਕੀਤੀ ਗਈ ਹੈ ਤੇ ਉਹ ਇਸ ਤਰ੍ਹਾਂ ਡਰਨ ਵਾਲਾ ਨਹੀਂ ਹੈ”। ਧਮਕੀ ਭਰੇ ਲਹਿਜ਼ੇ ਵਿੱਚ ਗੋਲਡੀ ਬਰਾੜ ਨੇ ਕਿਹਾ ਕਿ “ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਸਾਰੇ ਲੀਡਰਾਂ ਅਤੇ ਪੁਲਿਸ ਵਾਲਿਆਂ ਦੇ ਬੱਚੇ ਬਾਹਰ ਸੈੱਟ ਹਨ, ਤੁਸੀਂ ਪੰਜਾਬ ਤੱਕ ਸੀਮਤ ਹੋ ਜਦਕਿ ਅਸੀਂ ਸਾਰੀ ਦੁਨੀਆਂ ਵਿੱਚ ਫੈਲੇ ਹੋਏ ਹਾਂ, ਜੇ ਗੱਲ ਇਥੇ ਤਾਂ ਆ ਗਈ ਤਾਂ ਸਾਨੂੰ ਤੁਹਾਡੀਆਂ ਰਿਸ਼ਤੇਦਾਰੀਆਂ ਦੀ ਵੀ ਪੂਰੀ ਜਾਣਕਾਰੀ ਹੈ”। ਭਾਵੇਂ ਕਿ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਆਡੀਓ ਦੀ ਪੁਸ਼ਟੀ ਨਹੀਂ ਕੀਤੀ ਪ੍ਰੰਤੂ ਸੂਤਰਾਂ ਅਨੁਸਾਰ ਪੰਜਾਬ ਪੁਲਿਸ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਦੂਜੇ ਪਾਸੇ ਬੀਤੇ ਕੱਲ੍ਹ ਮੋਹਾਲੀ ਐਸਐਸਪੀ ਦਫ਼ਤਰ ਦੇ ਸਾਹਮਣੇ ਹੋਏ ਕਤਲ ਮਾਮਲੇ ‘ਚ ਵੀ ਨਵਾਂ ਮੋੜ ਆਇਆ ਹੈ ਜਦੋਂ ਇਸ ਕਤਲ ਦੀ ਜ਼ਿੰਮੇਵਾਰੀ ਵੀ ਗੋਲਡੀ ਬਰਾੜ ਨੇ ਲਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਐਸਐਸਪੀ ਦਫ਼ਤਰ ਦੇ ਸਾਹਮਣੇ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ ਜਿਸ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਗੁਰਵਿੰਦਰ ਸਿੰਘ ਅਦਾਲਤ ਵਿੱਚ ਪੇਸ਼ੀ ਭੁਗਤਣ ਆਇਆ ਸੀ ਜੋ ਗੁਰਲਾਲ ਬਰਾੜ ਦੇ ਕਤਲ ਕੇਸ ਵਿੱਚ ਨਾਮਜ਼ਦ ਸੀ।










