Skip to main content

Gee 98News

ਨਗਰ ਨਿਗਮ ਚੋਣਾਂ ਦੇ ਨਤੀਜੇ ਸੱਤਾਧਾਰੀ ਆਗੂਆਂ ਦੀ ਉਮੀਦ ਦੇ ਉਲਟ ਹੋਣਗੇ…ਮੱਖਣ ਸ਼ਰਮਾ ਤੇ ਮਹੇਸ਼ ਲੋਟਾ ਦਾ ਦਾਅਵਾ

ਬਰਨਾਲਾ 25 ਮਈ, ( Gee98 News service )-

-ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਵਿੱਚ ਸ਼ਹਿਰ ਦੇ ਵਾਰਡ ਨੰਬਰ 29, 30 ਅਤੇ 39 ਚਰਚਾ ਦਾ ਵਿਸ਼ਾ ਬਣੇ ਹੋਏ ਹਨ। ‌ ਦੱਸ ਦੇਈਏ ਕਿ ਵਾਰਡ ਨੰਬਰ 29 ਵਿੱਚ ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ ਦੀ ਮਾਤਾ ਸ੍ਰੀਮਤੀ ਊਸ਼ਾ ਰਾਣੀ ਚੋਣ ਲੜ ਰਹੇ ਹਨ ਜਦਕਿ ਵਾਰਡ ਨੰਬਰ 30 ਵਿੱਚ ਖੁਦ ਮਹੇਸ਼ ਕੁਮਾਰ ਲੋਟਾ ਚੋਣ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਵਾਰਡ ਨੰਬਰ 39 ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਦੀ ਪਤਨੀ ਦੀਪਕਾ ਸ਼ਰਮਾ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜ ਰਹੀ ਹੈ। ਸ਼ਹਿਰ ਵਿੱਚ ਇਹ ਚਰਚਾ ਮੂੰਹੋਂ ਮੂੰਹੀਂ ਸੁਣੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 29 30 ਅਤੇ 39 ਵਿੱਚ ਚੋਣ ਲੜ ਰਹੇ ਕਾਂਗਰਸ ਦੇ ਇਹਨਾਂ “ਵੱਡੇ ਥੰਮਾਂ” ਨੂੰ ਸੁੱਟਣ ਲਈ ਸ਼ਾਮ, ਦਾਮ, ਦੰਡ, ਭੇਦ ਦੀ ਨੀਤੀ ‘ਤੇ ਕੰਮ ਕੀਤਾ ਜਾ ਰਿਹਾ ਹੈ। ਚਰਚਾ ਹੈ ਕਿ ਸਥਾਨਕ ਆਪ ਆਗੂ ਸ਼ਹਿਰ ਵਿੱਚ ਕਾਂਗਰਸ ਦੇ ਵੱਡੇ ਥੰਮ ਮਹੇਸ਼ ਕੁਮਾਰ ਲੋਟਾ ਅਤੇ ਮੱਖਣ ਸ਼ਰਮਾ ਨੂੰ ਕਿਸੇ ਵੀ ਤਰੀਕੇ ਨਾਲ ਚੋਣ ਹਰਾਉਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਦੇ ਇੱਕ ਸਥਾਨਕ ਆਗੂ ਨੇ ਪੱਤਰਕਾਰ ਨੂੰ ਕਸਮ ਦਿੰਦੇ ਹੋਏ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ “ਅਸੀਂ ਵਾਰਡ ਨੰਬਰ 29,30 ਅਤੇ 39 ਵਿੱਚ ਇੱਕ ਵਿਸ਼ੇਸ਼ ਰਣਨੀਤੀ ਤਹਿਤ ਚੋਣ ਲੜ ਰਹੇ ਹਾਂ ਕਿਉਂਕਿ ਸਾਡੇ ਲਈ ਕਾਂਗਰਸ ਦੀ ਸ਼ਹਿਰ ਵਿੱਚ ਵੱਡੇ ਥੰਮਾਂ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਉਕਤ ਆਗੂ ਨੇ ਕਿਹਾ ਕਿ “ਅਸੀਂ ਜਾਣਦੇ ਹਾਂ ਕਿ ਮਹੇਸ਼ ਕੁਮਾਰ ਲੋਟਾ ਅਤੇ ਮੱਖਣ ਸ਼ਰਮਾ ਦੇ ਵਾਰਡਾਂ ਦੇ ਚੋਣ ਨਤੀਜੇ ਸ਼ਹਿਰ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੇ। ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਹਮੇਸ਼ਾ ਅੰਗ ਸੰਗ ਰਹਿਣ ਵਾਲੇ ਉਕਤ ਆਗੂ ਨੇ ਟਿੱਪਣੀ ਕੀਤੀ ਕਿ “ਉੰਝ ਭਾਵੇਂ ਸਾਡੇ ਲਈ ਵਾਰਡ ਨੰਬਰ 44 ਅਤੇ ਵਾਰਡ ਨੰਬਰ 26 ਦੀ ਜਿੱਤ ਵੀ ਬਹੁਤ ਮਹੱਤਵਪੂਰਨ ਹੋਵੇਗੀ ਪ੍ਰੰਤੂ ਸਾਨੂੰ ਵਾਰਡ ਨੰਬਰ 29,30 ਅਤੇ 39 ਦੀ ਜਿੱਤ ਵੱਧ ਸਕੂਨ ਦੇਵੇਗੀ”। ‌ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਵੀ ਆਮ ਆਦਮੀ ਪਾਰਟੀ ਦੀ ਇਸ ਰਣਨੀਤੀ ਦੀ ਭਿਣਕ ਹੈ ਜਿਸ ਕਰਕੇ ਸਥਾਨਕ ਕਾਂਗਰਸੀ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਉਕਤ ਦੋਵੇਂ ਵਾਰਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ‌ਇੱਥੇ ਇਹ ਵੀ ਦੱਸ ਦੇਈਏ ਕਿ ਮਹੇਸ਼ ਕੁਮਾਰ ਲੋਟਾ ਤੇ ਮੱਖਣ ਸ਼ਰਮਾ ਦੋਵੇਂ ਬਰਨਾਲਾ ਦੀ ਰਾਜਨੀਤੀ ਦੇ ਘਾਗ ਸਿਆਸਤਦਾਨ ਹਨ।‌ ਪੰਜਾਬ ‘ਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਬਰਨਾਲਾ ਦੀ ਰਾਜਨੀਤੀ ਵਿੱਚ ਮਹੇਸ਼ ਕੁਮਾਰ ਲੋਟਾ ਤੇ ਮੱਖਣ ਸ਼ਰਮਾ ਦਾ ਨਾਮ ਹਮੇਸ਼ਾ ਮੂਹਰਲੀਆਂ ਸਫ਼ਾਂ ਵਿੱਚ ਰਿਹਾ ਹੈ।‌ ਵਾਰਡ ਨੰਬਰ 29,30 ਅਤੇ 39 ਦੀਆਂ ਚੋਣਾਂ ਸਬੰਧੀ ਸਥਾਨਕ ਸੱਤਾਧਾਰੀ ਪਾਰਟੀ ਦੀ ਵਿਸ਼ੇਸ਼ ਰਣਨੀਤੀ ਦੀ ਚਰਚਾ ‘ਤੇ ਮਹੇਸ਼ ਕੁਮਾਰ ਲੋਟਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ “ਪਿਛਲੇ ਕੁਝ ਸਮੇਂ ਤੋਂ ਸੱਤਾਧਾਰੀ ਪਾਰਟੀ ਨੇ ਉਹਨਾਂ ਉੱਪਰ ਕਈ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਚੋਣ ਲੜਨ ਤੋਂ ਰੋਕਣਾ ਚਾਹਿਆ ਪਰੰਤੂ ਵਾਰਡ ਦੇ ਲੋਕਾਂ ਦੀ ਤਾਕਤ ਨੇ ਸੱਤਾਧਾਰੀਆਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ”। ਮਹੇਸ਼ ਲੋਟਾ ਨੇ ਦਾਅਵਾ ਕੀਤਾ ਕਿ ਨਗਰ ਨਿਗਮ ਚੋਣਾਂ ਵਿੱਚ ਵੀ ਸੱਤਾਧਾਰੀ ਪਾਰਟੀ ਦੀਆਂ ਸਾਰੀਆਂ ਰਣਨੀਤੀਆਂ ਵਾਰਡ ਦੇ ਲੋਕ ਫੇਲ੍ਹ ਕਰ ਦੇਣਗੇ। ‌ ਦੂਜੇ ਪਾਸੇ ਮੱਖਣ ਸ਼ਰਮਾ ਨੇ ਕਿਹਾ ਕਿ “ਸ਼ਹਿਰ ਦੇ ਵਾਰਡ ਨੰਬਰ 39 ਤੇ ਚੋਣ ਨਤੀਜੇ ਤੋਂ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ”। ਮੱਖਣ ਸ਼ਰਮਾ ਨੇ ਦਾਅਵਾ ਕੀਤਾ ਕਿ ਸਿਰਫ 29,30 ਅਤੇ 39 ਨੰਬਰ ਵਾਰਡ ਹੀ ਨਹੀਂ ਸਗੋਂ ਜੋ ਨਗਰ ਨਿਗਮ ਦੀ ਚੋਣਾਂ ਦਾ ਨਤੀਜਾ ਆਮ ਆਦਮੀ ਪਾਰਟੀ ਦੀ ਉਮੀਦ ਦੇ ਉਲਟ ਹੋਵੇਗਾ। ਮੱਖਣ ਸ਼ਰਮਾ ਨੇ ਟਿੱਪਣੀ ਕੀਤੀ ਕਿ ਸਥਾਨਕ ਸੱਤਾਧਾਰੀ ਆਗੂਆਂ ਨੂੰ ਆਪਣੇ ਉਲਟ ਆ ਰਹੇ ਨਤੀਜੇ ਦੀ ਪਹਿਲਾਂ ਹੀ ਭਿਣਕ ਹੈ ਇਸੇ ਕਰਕੇ ਇਹਨਾਂ ਨੇ ਨਾਮਜ਼ਦਗੀ ਪੱਤਰਾਂ ਦੀ ਪੜ੍ਹਤਾਲ ਦੌਰਾਨ ਵੀ ਸ਼ਾਮ ਦਾਮ ਦੰਡ ਭੇਦ ਦੀ ਨੀਤੀ ਵਰਤੀ ਅਤੇ ਹੁਣ ਵੋਟਿੰਗ ਦੌਰਾਨ ਵੀ ਇਹ ਨੀਤੀ ਵਰਤੀ ਜਾਵੇਗੀ ਪ੍ਰੰਤੂ ਬਰਨਾਲੇ ਦੇ ਵੋਟਰ ਸੁਚੇਤ ਹਨ ਜਿਨਾਂ ਨੇ ਹਮੇਸ਼ਾ ਹਕੂਮਤਾਂ ਦੇ ਉਲਟ ਇਤਿਹਾਸ ਸਿਰਜਿਆ ਹੈ।

error: Content is protected !!