-ਪਰਗਟ ਸਿੰਘ ਨੂੰ ਪ੍ਰਧਾਨ ਬਣਾਉਣ ‘ਤੇ ਬਰਨਾਲਾ ‘ਚ ਕਾਲਾ ਢਿੱਲੋ ਦੀ ਅਗਵਾਈ ‘ਚ ਵੰਡੇ ਲੱਡੂ ਅਤੇ ਚਲਾਈ ਆਤਿਸ਼ਬਾਜੀ
ਬਰਨਾਲਾ, 4 ਸਤੰਬਰ , ( ਨਿਰਮਲ ਸਿੰਘ ਪੰਡੋਰੀ )-
-ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਵਿਰੋਧੀ ਪਾਰਟੀਆਂ ਤੋਂ ਵੱਧ ਗਰਾਂਟਾਂ ਦੇਣ ਦੇ ਫਲੈਕਸ ਬੋਰਡ ਲਾਉਣ ਦੀ ਗੱਲ ਕਰਦੇ ਹੋਏ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਵੰਗਾਰਨ ਸਬੰਧੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਆਗੂਆਂ ਵੱਲੋਂ ਮੀਤ ਹੇਅਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਆਗੂਆਂ ਵੱਲੋਂ ਮੀਤ ਹੇਅਰ ਦੇ ਚੈਲੇੰਜ ਨੂੰ ਕਬੂਲ ਕਰਦੇ ਹੋਏ ਲੋਕਾਂ ਦੀ ਕਚਹਿਰੀ ‘ਚ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵੀ ਐਮਪੀ ਮੀਤ ਹੇਅਰ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਜਿਨਾਂ ਦੇ ਮੁੱਖ ਮੰਤਰੀ ਨੂੰ ਵੱਡੇ ਫਲੈਕਸ ਬੋਰਡ ਲਗਾ ਕੇ ਆਪਣੀ ਇਮਾਨਦਾਰੀ ਸਿੱਧ ਕਰਨੀ ਪੈ ਰਹੀ ਹੋਵੇ, ਉਹਨਾਂ ਦੇ ਹੇਠਲੇ ਲੀਡਰਾਂ ਦੇ ਕਿਰਦਾਰ ਸਬੰਧੀ ਬਹੁਤਾ ਬੋਲਣ ਦੀ ਲੋੜ ਨਹੀਂ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪ੍ਰਗਟ ਸਿੰਘ ਦੀ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਬਰਨਾਲਾ ਦੇ ਬੱਸ ਅੱਡੇ ‘ਚ ਲੱਡੂ ਵੰਡਣ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਕਿਹਾ ਕਿ ਪ੍ਰਗਟ ਸਿੰਘ ਸੁਲਝੇ ਹੋਏ ਅਤੇ ਤਜਰਬੇਕਾਰ ਸਿਆਸਤਦਾਨ ਹਨ ਜਿਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬ ‘ਚ ਸਰਕਾਰ ਬਣਾਵੇਗੀ। ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪ੍ਰਗਟ ਸਿੰਘ ਦਾ ਪਿਛਲਾ ਰਾਜਨੀਤਿਕ ਰਿਕਾਰਡ ਇਸ ਸਪੱਸ਼ਟ ਕਰਦਾ ਹੈ ਕਿ ਉਹ ਪੰਜਾਬ ਦਰਦੀ ਹਨ ਅਤੇ ਉਹਨਾਂ ਨੂੰ ਹਰ ਵਰਗ ਸਬੰਧੀ ਹਰ ਮਸਲੇ ਦੀ ਸੂਝ ਬੂਝ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚੋਣ ਜ਼ਾਬਤਾ ਲੱਗਣ ਦੀ ਉਡੀਕ ਕਰ ਰਹੇ ਹਨ ਉਸ ਤੋਂ ਬਾਅਦ ਲੋਕ ਆਪ ਆਗੂਆਂ ਨੂੰ ਇਹਨਾਂ ਦੀ ਸਿਆਸੀ ਔਕਾਤ ਦਿਖਾਉਣ ਲਈ ਤਿਆਰ ਬੈਠੇ ਹਨ।
ਮੀਤ ਹੇਅਰ ਵੱਲੋਂ ਗਰਾਂਟਾਂ ਦੇ ਫਲੈਕਸ ਬੋਰਡ ਲਗਾਉਣ ਦਾ ਜਵਾਬ ਦਿੰਦੇ ਹੋਏ ਕਾਲਾ ਢਿੱਲੋ ਨੇ ਕਿਹਾ ਕਿ ਅਸੀਂ ਇਹਨਾਂ ਦੇ ਘਪਲਿਆਂ ਦੇ ਫਲੈਕਸ ਬੋਰਡ ਪਿੰਡਾਂ ਦੀਆਂ ਸੱਥਾਂ ਵਿੱਚ ਲਗਾਵਾਂਗੇ।ਵਿਧਾਇਕ ਢਿੱਲੋਂ ਨੇ ਕਿਹਾ ਕਿ ਜਿਨਾਂ ਨੇ ਕੰਮ ਕੀਤਾ ਹੁੰਦਾ ਹੈ ਉਹਨਾਂ ਨੂੰ ਕੋਠੇ ਚੜਕੇ ਕੂਕਾਂ ਮਾਰਨ ਦੀ ਲੋੜ ਨਹੀਂ ਹੁੰਦੀ।ਵਿਧਾਇਕ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਹੋ ਜਿਹੇ ਹਾਲਾਤ ਹਨ ਜਿਵੇਂ ਟਟੀਰੀ ਨੂੰ ਲੱਗਦਾ ਹੋਵੇ ਕਿ ਅਸਮਾਨ ਟਟੀਰੀ ਦੀਆਂ ਲੱਤਾਂ ‘ਤੇ ਖੜਾ ਹੈ। ਉਹਨਾਂ ਸੱਤਾਧਾਰੀ ਆਗੂਆਂ ਨੂੰ ਚੈਲੇੰਜ ਕੀਤਾ ਕਿ ਗਰਾਂਟਾਂ ਦੇ ਫਲੈਕਸ ਬੋਰਡਾਂ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਜਾਵੇ ਕਿ ਕਿੰਨੀਆਂ ਗ੍ਰਾਂਟਾਂ ਪੰਜਾਬ ਸਰਕਾਰ ਵੱਲੋਂ ਆਰਡੀਐਫ ਦੀਆਂ ਦਿੱਤੀਆਂ ਅਤੇ ਕਿੰਨੀਆਂ ਗਰਾਂਟਾਂ 15ਵੇਂ ਵਿੱਤ ਕਮਿਸ਼ਨ ਦੀਆਂ ਹਨ। ਵਿਧਾਇਕ ਢਿੱਲੋਂ ਨੇ ਸਥਾਨਕ ਸੱਤਾਧਾਰੀ ਆਗੂਆਂ ਤੇ ਸਰਕਾਰ ‘ਤੇ ਵੱਡਾ ਸ਼ਬਦੀ ਹਮਲਾ ਕਰਦੇ ਹੋਏ ਇਹ ਵੀ ਕਿਹਾ ਕਿ ਇਹਨਾਂ ਆਗੂਆਂ ਨੂੰ ਗਰਾਂਟਾਂ ਦੀ ਰਕਮ ਦਰਸਾਉਣ ਦੇ ਨਾਲ ਨਾਲ ਇਹਨਾਂ ਦੇ ਕਾਰਜਕਾਲ ‘ਚ ਹੋਏ ਘਪਲਿਆਂ ਸਬੰਧੀ ਵੀ ਲਿਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਆਗੂ ਇਮਾਨਦਾਰ ਹਨ ਤਾਂ ਆਪ ਸਰਕਾਰ ਮੌਕੇ ਬਰਨਾਲਾ ਜ਼ਿਲ੍ਹੇ ‘ਚ ਹੋਏ ਵਿਕਾਸ ਕਾਰਜਾਂ ‘ਚ ਘਪਲਿਆਂ ਦੀਆਂ ਖ਼ਬਰਾਂ ਤੋਂ ਬਾਅਦ ਜਾਂਚ ਕਰਵਾਉਣ ਦੀ ਹਿੰਮਤ ਕਿਉਂ ਨਹੀਂ ਪੈਂਦੀ। ਵਿਧਾਇਕ ਢਿੱਲੋ ਨੇ ਮੈਂਬਰ ਪਾਰਲੀਮੈਂਟ ਦੇ “ਪਿਓ ਦੇ ਪੁੱਤ” ਵਾਲੇ ਬਿਆਨ ‘ਤੇ ਵਾਪਸੀ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹਨਾਂ ਦੀਆਂ ਗਰਾਂਟਾਂ ਦੀ ਪੜ੍ਹਤਾਲ ਕੀਤੀ ਜਾਵੇਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਫਿਰ ਅਸੀਂ ਦੱਸਾਂਗੇ ਕਿ ਪਿਓ ਦਾ ਪੁੱਤ ਕੌਣ ਹੈ। ਇਸ ਮੌਕੇ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਮਨਵਿੰਦਰ ਕੌਰ ਪੱਖੋਂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਕੌਰ ਖੁੱਡੀ,ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਕੁਲਵਿੰਦਰ ਸਿੰਘ ਧੌਲਾ, ਗੁਰਤੇਜ ਸਿੰਘ ਨੈਣੇਵਾਲ, ਜਸਮੇਲ ਸਿੰਘ ਬੜੀ, ਸਤਨਾਮ ਸਿੰਘ ਪੱਤੀ, ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਜਸਕਰਨ ਸਿੰਘ,ਬਿੱਟੂ ਸ਼ਰਮਾ ਪੀਏ,ਉਜਾਗਰ ਸਿੰਘ ਛਾਪਾ, ਐਡਵੋਕੇਟ ਜਸਬੀਰ ਸਿੰਘ ਖੇੜੀ, ਸੂਰਤ ਸਿੰਘ ਬਾਜਵਾ, ਮਨਜੀਤ ਸਿੰਘ ਗੁਰੂ ਸਮੇਤ ਭਰਵੀਂ ਗਿਣਤੀ ਵਿੱਚ ਕਾਂਗਰਸ ਦੇ ਜ਼ਿਲ੍ਹਾ ਬਲਾਕ ਪੱਧਰੀ ਆਗੂ ਅਤੇ ਵਰਕਰ ਹਾਜ਼ਰ ਸਨ।