ਬਰਨਾਲਾ ,2 ਅਕਤੂਬਰ, ( ਨਿਰਮਲ ਸਿੰਘ ਪੰਡੋਰੀ )-
-ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਵੱਖ ਵੱਖ ਹਲਕਿਆਂ ਤੋਂ ਚੋਣ ਲੜਨ ਦੇ ਚਾਹਵਾਨ ਆਗੂਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜੇਕਰ ਵਿਧਾਨ ਸਭਾ ਹਲਕਾ ਭਦੌੜ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਨਵੇਂ ਨਿਕੋਰ ਚਿਹਰੇ ਸਾਹਮਣੇ ਲਿਆਂਦੇ ਜਾਣ ਦੀ ਚਰਚਾ ਜ਼ੋਰਾਂ ‘ਤੇ ਚੱਲ ਰਹੀ ਹੈ। ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਇਹਨਾਂ ਨਵੇਂ ਚਿਹਰਿਆਂ ਨੇ ਭਦੌੜ ਹਲਕੇ ਵਿੱਚ ਲੋਕਾਂ ਦੇ ਦਰਵਾਜ਼ਿਆਂ ‘ਤੇ ਅਲਖ ਜਗਾਉਣੀ ਵੀ ਸ਼ੁਰੂ ਕੀਤੀ ਹੋਈ ਹੈ। ਇਹਨਾਂ ਚਿਹਰਿਆਂ ਦੇ ਵਿੱਚੋਂ ਇੱਕ ਚਿਹਰਾ ਅਕਾਲੀ ਦਲ (ਵਾਰਸ ਪੰਜਾਬ ਦੇ) ਪਲੇਟਫਾਰਮ ਤੋਂ ਦਰਸ਼ਨ ਸਿੰਘ ਗੁਰੂ ਸੇਵਾਮੁਕਤ ਸਦਰ ਕਾਨੂੰਨਗੋ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ, ਜਿਨ੍ਹਾਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ) ਦੇ ਝੰਡੇ ਹੇਠ ਆਪਣੀਆਂ ਸਿਆਸੀ ਸਰਗਰਮੀਆਂ ਭਦੌੜ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕੀਤੀਆਂ ਹੋਈਆਂ ਹਨ। ਭਦੌੜ ਹਲਕੇ ‘ਚ ਸਿਆਸੀ ਸਰਗਰਮੀਆਂ ਸਬੰਧੀ ਜਦੋਂ ਦਰਸ਼ਨ ਸਿੰਘ ਗੁਰੂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਲੰਮਾ ਸਮਾਂ ਮਾਲ ਵਿਭਾਗ ਵਿੱਚ ਨੌਕਰੀ ਕਰਨ ਤੋਂ ਬਾਅਦ ਉਹ ਹੁਣ ਰਾਜਨੀਤਿਕ ਖੇਤਰ ਵਿੱਚ ਸਰਗਰਮ ਹਨ। ਉਹਨਾਂ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਉਹਨਾਂ ਨੇ ਅਕਾਲੀ ਦਲ (ਵਾਰਸ ਪੰਜਾਬ ਦੇ) ਦੇ ਪਲੇਟਫਾਰਮ ਤੋਂ ਵਿਚਰਨ ਦਾ ਫੈਸਲਾ ਕੀਤਾ ਹੈ। ਗੁਰੂ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਉਨਾਂ ਦੀ ਬਾਪੂ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਪਾਰਟੀ ਦੇ ਹੋਰ ਉੱਚ ਆਗੂਆਂ ਨਾਲ ਕਈ ਮੁਲਾਕਾਤਾਂ ਹੋ ਚੁੱਕੀਆਂ ਹਨ ਅਤੇ ਇਹਨਾਂ ਆਗੂਆਂ ਨੇ ਉਹਨਾਂ ਨੂੰ ਭਦੌੜ ਹਲਕੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਦੱਸਿਆ ਕਿ ਉਹ ਪਾਰਟੀ ਦਾ ਸੁਨੇਹਾ ਲੋਕਾਂ ਤੱਕ ਪਹੁੰਚਾ ਰਹੇ ਹਨ। ਪਟਵਾਰੀ ਦਰਸ਼ਨ ਸਿੰਘ ਗੁਰੂ ਨਾਲ ਜਦ ਵਿਧਾਨ ਸਭਾ ਚੋਣਾਂ ਲਈ ਟਿਕਟ ਦੀ ਜ਼ੋਰ ਅਜਮਾਈ ਸਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਿਲਹਾਲ ਉਹਨਾਂ ਨੂੰ ਪਾਰਟੀ ਦੇ ਉਚ ਆਗੂਆਂ ਦਾ ਹੁਕਮ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਨੂੰ ਆਮ ਲੋਕਾਂ ਵਿੱਚ ਲੈ ਕੇ ਜਾਇਆ ਜਾਵੇ ਤੇ ਪਾਰਟੀ ਦਾ ਸੁਨੇਹਾ ਘਰ ਘਰ ਪੁੱਜਦਾ ਕੀਤਾ ਜਾਵੇ। ਉਹਨਾਂ ਕਿਹਾ ਕਿ ਟਿਕਟਾਂ ਦਾ ਫੈਸਲਾ ਪਾਰਟੀ ਦੀ ਨੀਤੀਆਂ ਮੁਤਾਬਕ ਹੀ ਹੋਣਾ ਹੈ ਪਰੰਤੂ ਉਹ ਪੰਜਾਬ ਦੇ ਮੌਜੂਦਾ ਹਾਲਾਤਾਂ ਖਾਸ ਕਰਕੇ ਪਛੜੇ ਹੋਏ ਹਲਕਾ ਭਦੌੜ ‘ਚ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਉਣ ਲਈ ਹਮੇਸ਼ਾ ਤਿਆਰ ਬਰ ਤਿਆਰ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਗੁਰੂ ਲੰਮਾ ਸਮਾਂ ਮਾਲ ਵਿਭਾਗ ਵਿੱਚ ਬਰਨਾਲਾ ਦੇ ਵੱਖ-ਵੱਖ ਪਟਵਾਰ ਸਰਕਲਾਂ ‘ਚ ਤਾਇਨਾਤ ਰਹੇ ਹਨ ਅਤੇ ਉਹਨਾਂ ਦੀ ਕਿਸਾਨੀ ਵਰਗ ਵਿੱਚ ਚੰਗੀ ਜਾਣ ਪਹਿਚਾਣ ਹੈ। ਇਸ ਤੋਂ ਇਲਾਵਾ ਦਰਸ਼ਨ ਸਿੰਘ ਗੁਰੂ ਇੱਕ ਚੰਗੇ ਲੇਖਕ ਕਹਾਣੀਕਾਰ ਵੀ ਹਨ ਅਤੇ ਸਾਹਿਤਿਕ ਖੇਤਰ ਵਿੱਚ ਉਹਨਾਂ ਦਾ ਨਾਮ ਜਾਣਿਆ ਪਹਿਚਾਣਿਆ ਹੈ, ਜਿਸ ਦਾ ਫਾਇਦਾ ਦਰਸ਼ਨ ਸਿੰਘ ਗੁਰੂ ਨੂੰ ਸਿਆਸੀ ਸਟੇਜਾਂ ‘ਤੇ ਵੀ ਮਿਲ ਰਿਹਾ ਹੈ। ਭਦੌੜ ਹਲਕੇ ਚ ਦਰਸ਼ਨ ਸਿੰਘ ਗੁਰੂ ਦੀਆਂ ਸਿਆਸੀ ਸਰਗਰਮੀਆਂ ਤੇ ਵਿਰੋਧੀ ਪਾਰਟੀਆਂ ਲਈ ਵੀ ਨਜ਼ਰ ਟਿਕਾਈ ਹੋਈ ਹੈ ਕਿਉਂਕਿ ਜੇਕਰ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਦਰਸ਼ਨ ਸਿੰਘ ਗੁਰੂ ਨੂੰ ਥਾਪੜਾ ਦਿੱਤਾ ਜਾਂਦਾ ਹੈ ਤਾਂ ਯਕੀਨਨ ਇਸ ਨਾਲ ਭਦੌੜ ਹਲਕੇ ਦੇ ਸਿਆਸੀ ਸਮੀਕਰਨ ਪ੍ਰਭਾਵਿਤ ਹੋਣਗੇ ਅਤੇ ਇੱਥੋਂ ਰਵਾਇਤੀ ਪਾਰਟੀਆਂ ਨੂੰ ਆਪਣੀ ਚੋਣ ਰਣਨੀਤੀ ਤਬਦੀਲ ਵੀ ਕਰਨੀ ਪੈ ਸਕਦੀ ਹੈ।
