ਮਹਿਲ ਕਲਾਂ 27 ਮਈ ( ਜਸਵੰਤ ਸਿੰਘ ਲਾਲੀ)-
ਮਹਿਲ ਕਲਾਂ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਬਰਨਾਲਾ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ 2026 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਚੈਂਪੀਅਨਸ਼ਿਪ ਐਮੇਚਰ ਕਰਾਟੇ-ਡੋ ਐਸੋਸੀਏਸ਼ਨ ਬਰਨਾਲਾ ਵੱਲੋਂ ਕਰਵਾਈ ਗਈ। ਜਿਸ ਵਿੱਚ ਜ਼ਿਲ੍ਹੇ ਦੇ 15 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਲੱਗਭੱਗ 150 ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੁਕਾਬਲੇ ਵਿੱਚ MTS ਬਰਨਾਲਾ, MTIS ਹੰਡਿਆਇਆ, YS ਪਬਲਿਕ ਸਕੂਲ ਬਰਨਾਲਾ, ਸੈਕਰਡ ਹਾਰਟ ਸਕੂਲ ਬਰਨਾਲਾ, ਆਰਿਆਭੱਟਾ ਸਕੂਲ ਬਰਨਾਲਾ, ਸੇਂਟ ਪਾਲ ਸਕੂਲ ਬਰਨਾਲਾ ਸਮੇਤ ਕਈ ਹੋਰ ਨਾਮਵਰ ਸਕੂਲਾਂ ਦੇ ਖਿਡਾਰੀਆਂ ਨੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਰਾਟੇ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਖਿਡਾਰੀਆਂ ਨੇ ਅਨੁਸ਼ਾਸਨ, ਆਤਮ ਵਿਸ਼ਵਾਸ ਅਤੇ ਖੇਡ ਭਾਵਨਾ ਦਾ ਬੇਮਿਸਾਲ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਗੋਲਡ ਮੈਡਲਾਂ ਦੇ ਨਾਲ ਕਈ ਸਿਲਵਰ ਅਤੇ ਬ੍ਰਾਂਜ਼ ਮੈਡਲ ਜਿੱਤ ਕੇ “ਚੈਂਪੀਅਨ ਟਰਾਫੀ” ਆਪਣੇ ਨਾਮ ਕੀਤੀ। ਚੈਂਪੀਅਨਸ਼ਿਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਸਵੈ ਅਨੁਸ਼ਾਸਨ, ਸਹਿਨਸ਼ੀਲਤਾ ਅਤੇ ਖੇਡ ਭਾਵਨਾ ਦਾ ਵਿਕਾਸ ਕਰਨਾ ਸੀ। ਸਮਾਗਮ ਦੌਰਾਨ ਮੌਜੂਦ ਅਧਿਆਪਕਾਂ, ਮਾਪਿਆਂ ਅਤੇ ਮਹਿਮਾਨਾਂ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਭਰਪੂਰ ਸਰਾਹਨਾ ਕੀਤੀ। ਸਮਾਗਮ ਦੇ ਅੰਤ ਵਿੱਚ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਪਰਦੀਪ ਕੌਰ ਗਰੇਵਾਲ ਨੇ ਸਾਰੇ ਜੇਤੂਆਂ, ਭਾਗ ਲੈਣ ਵਾਲੇ ਵਿਦਿਆਰਥੀਆਂ, ਕੋਚਾਂ ਅਤੇ ਸਟਾਫ ਮੈਂਬਰਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਇਸ ਸਫ਼ਲ ਆਯੋਜਨ ਲਈ ਸਭ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।







